ਇੰਡੀਅਨ ਓਵਰਸੀਜ਼ ਬੈਂਕ ਦੀ ਸਾਬਕਾ ਮੈਨੇਜਰ ’ਤੇ 15 ਕਰੋੜ ਦਾ ਜੁਰਮਾਨਾ, 7 ਸਾਲ ਦੀ ਕੈਦ
Saturday, Apr 20, 2024 - 05:06 PM (IST)
ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਇੰਡੀਅਨ ਓਵਰਸੀਜ਼ ਬੈਂਕ ਤੋਂ 2.14 ਕਰੋੜ ਰੁਪਏ ਦੀ ਧੋਖਾਦੇਹੀ ਲਈ ਬੈਂਕ ਦੀ ਸਾਬਕਾ ਮੈਨੇਜਰ ’ਤੇ 15 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ, ਜਿਸ ਨੂੰ ਹੁਣ ਤੱਕ ਦੇ ਸਭ ਤੋਂ ਵੱਡੇ ਜੁਰਮਾਨੇ ਵਿਚੋਂ ਇਕ ਦੱਸਿਆ ਜਾ ਰਿਹਾ ਹੈ। ਨਾਲ ਹੀ ਅਦਾਲਤ ਨੇ ਮੈਨੇਜਰ ਨੂੰ 7 ਸਾਲ ਦੀ ਸਜ਼ਾ ਵੀ ਸੁਣਾਈ।
ਅਧਿਕਾਰੀਆਂ ਮੁਤਾਬਕ, ਪ੍ਰੀਤੀ ਵਿਜੇ ਸਹਿਜਵਾਨੀ ਨੇ ਅਹਿਮਦਾਬਾਦ ਵਿਚ ਇੰਡੀਅਨ ਓਵਰਸੀਜ਼ ਬੈਂਕ ਦੀ ਵਸਤਰਪੁਰ ਸ਼ਾਖਾ ਦੀ ਸੀਨੀਅਰ ਮੈਨੇਜਰ ਵਜੋਂ ਆਪਣੀ ਜਮ੍ਹਾਕਰਤਾ ਜਾਂ ਪਾਵਰ ਆਫ਼ ਅਟਾਰਨੀ ਧਾਰਕ ਦੇ ਕਿਸੇ ਮਨਜ਼ੂਰੀ ਪੱਤਰ ਦੇ ਬਿਨਾਂ ਦੋ ਖਾਤਿਆਂ ਦੀ ਵਿਦੇਸ਼ੀ ਮੁਦਰਾ ਪ੍ਰਵਾਸੀ (ਐੱਫ. ਸੀ. ਐੱਨ. ਆਰ.) ਜਮ੍ਹਾ ਰਾਸ਼ੀ ਨੂੰ ਦੋ ਫਰਜ਼ੀ ਖਾਤਿਆਂ ਵਿਚ ਜਮ੍ਹਾ ਕਰਵਾ ਦਿੱਤਾ ਸੀ। ਸੀ. ਬੀ. ਆਈ. ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੇ 27 ਜੁਲਾਈ 2001 ਦੀ ਤਰੀਕ ਤੱਕ ਵਿਆਜ ਸਮੇਤ 2 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਕੀਤਾ ਹੈ। ਸੀ. ਬੀ. ਆਈ. ਨੇ ਬੈਂਕ ਦੀ ਸ਼ਿਕਾਇਤ ’ਤੇ, 29 ਅਕਤੂਬਰ, 2001 ਨੂੰ ਮਾਮਲੇ ਦੀ ਜਾਂਚ ਆਪਣੇ ਹੱਥ ਵਿਚ ਲੈ ਲਈ ਅਤੇ 15 ਅਕਤੂਬਰ, 2003 ਨੂੰ ਚਾਰਜਸ਼ੀਟ ਦਾਇਰ ਕੀਤੀ ਸੀ।