15-15 ਕਰੋੜ ਰੁਪਏ ’ਚ ਜ਼ਮੀਰ ਵੇਚਣ ਵਾਲੇ ਜਲਦ ਸੀਖਾਂ ਪਿੱਛੇ ਜਾਣਗੇ : ਸੁੱਖੂ

Friday, Apr 05, 2024 - 04:47 PM (IST)

15-15 ਕਰੋੜ ਰੁਪਏ ’ਚ ਜ਼ਮੀਰ ਵੇਚਣ ਵਾਲੇ ਜਲਦ ਸੀਖਾਂ ਪਿੱਛੇ ਜਾਣਗੇ : ਸੁੱਖੂ

ਊਨਾ, (ਸੁਰਿੰਦਰ)– ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਪਹਿਲੀ ਵਾਰ ਕਾਂਗਰਸ ਦੇ ਬਾਗੀ ਵਿਧਾਇਕਾਂ ’ਤੇ ਜਨਤਕ ਤੌਰ ’ਤੇ ਤਿੱਖਾ ਹਮਲਾ ਕੀਤਾ ਹੈ। ਹਮੀਰਪੁਰ ਸੰਸਦੀ ਹਲਕੇ ਦੇ ਕੁਟਲੈਹੜ ’ਚ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਸੁੱਖੂ ਨੇ ਕਿਹਾ ਕਿ 15-15 ਕਰੋੜ ਰੁਪਏ ’ਚ ਆਪਣਾ ਜ਼ਮੀਰ ਵੇਚਣ ਵਾਲੇ 6 ਬਾਗੀ ਵਿਧਾਇਕ ਜਲਦੀ ਹੀ ਜੇਲ ਦੀਆਂ ਸੀਖਾਂ ਪਿੱਛੇ ਹੋਣਗੇ। ਆਮ ਤੌਰ ’ਤੇ ਨਿੱਜੀ ਦੂਸ਼ਣਬਾਜ਼ੀ ਦੀ ਸਿਆਸਤ ਤੋਂ ਦੂਰ ਰਹਿਣ ਵਾਲੇ ਸੁਖਵਿੰਦਰ ਸੁੱਖੂ ਨੇ ਖੁੱਲ੍ਹੇ ਮੰਚ ਤੋਂ ਕਿਹਾ ਕਿ ਬਾਗੀਆਂ ਨੇ 15-15 ਕਰੋੜ ਰੁਪਏ ’ਚ ਆਪਣਾ ਜ਼ਮੀਰ ਵੇਚਿਆ ਹੈ। ਉਨ੍ਹਾਂ ਕਿਹਾ ਕਿ ਦੇਵੇਂਦਰ ਭੁੱਟੋ ’ਤੇ ਕੁਟਲੈਹੜ ਦੀ ਜਨਤਾ ਵੋਟਾਂ ਦਾ ਵਾਰ ਕਰ ਕੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰਵਾ ਦੇਵੇ ਤਾਂ ਜੋ ਇਹ ਸੁਨੇਹਾ ਜਾਵੇ ਕਿ ਹਿਮਾਚਲ ਦੀ ਸੰਸਕ੍ਰਿਤੀ ਅਜਿਹੀ ਨਹੀਂ ਹੈ।

ਸੁੱਖੂ ਨੇ ਕਿਹਾ ਕਿ ਰਾਜ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਹੀ ਬਾਗੀ ਵਿਧਾਇਕਾਂ ਨਾਲ ਭੁੱਟੋ ਭੋਜਨ ਦੇ ਸਵਾਦ ਦਾ ਬਖਾਨ ਕਰ ਰਹੇ ਸਨ ਅਤੇ ਸਵੇਰੇ ਬਾਗੀ ਹੋ ਕੇ ਭਾਜਪਾ ਨੂੰ ਵੋਟਾਂ ਪਾ ਰਹੇ ਸਨ। ਜਦੋਂ ਵੀ ਭੁੱਟੋ ਆਉਂਦੇ ਤਾਂ ਸਟੋਨ ਕ੍ਰਸ਼ਰ ਦੀ ਗੱਲ ਕਰਦੇ ਜਾਂ ਸਰਕਾਰੀ ਟੈਂਡਰਾਂ ਦੀ ਸਿਫਾਰਸ਼ ਹੁੰਦੀ। ਜਨਤਾ ਦੇ ਸੁੱਖ-ਦੁੱਖ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਜਦੋਂ ਜਨਤਾ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਰਿਹਾ ਤਾਂ ਮੁੱਖ ਮੰਤਰੀ ਦੇ ਰੂਪ ’ਚ ਉਹ ਖੁਦ ਕੁਟਲੈਹੜ ਦੀ ਜਨਤਾ ਦਾ ਫਿਕਰ ਕਰ ਰਹੇ ਸਨ। 6 ਬਾਗੀਆਂ ਨੂੰ ਲਪੇਟੇ ’ਚ ਲੈਂਦੇ ਹੋਏ ਸੁੱਖੂ ਨੇ ਕਿਹਾ ਕਿ ਜਲਦੀ ਹੀ 6 ਬਾਗੀ ਸੀਖਾਂ ਪਿੱਛੇ ਜਾਣਗੇ।

ਗਗਰੇਟ ਨੂੰ 14 ਮਹੀਨਿਆਂ ’ਚ ਉਗਰਾਹੀ ਤੋਂ ਛੁਟਕਾਰਾ

ਇਸ ਸਿਆਸੀ ਰੈਲੀ ਵਿਚ ਉਪ-ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਈ ਮਹੀਨਿਆਂ ਬਾਅਦ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਕੁਟਲੈਹੜ ਦੇ ਨਾਲ-ਨਾਲ ਗਗਰੇਟ ’ਚ ਲੋਕਾਂ ਨੂੰ ਰਾਹਤ ਮਿਲਣ ਦੀ ਗੱਲ ਕਹੀ। ਅਗਨੀਹੋਤਰੀ ਨੇ ਕਿਹਾ ਕਿ ਗਗਰੇਟ ਦੀ ਜਨਤਾ ਨੂੰ 14 ਮਹੀਨਿਆਂ ’ਚ ਰਾਹਤ ਮਿਲ ਗਈ ਹੈ। ਇਸ ਖੇਤਰ ’ਚ ਸਟੋਨ ਕ੍ਰਸ਼ਰਜ਼ ਰਾਹੀਂ ਉਗਰਾਹੀ ਹੁੰਦੀ ਸੀ ਤਾਂ ਜਨਤਾ ਬਹੁਤ ਪ੍ਰੇਸ਼ਾਨ ਸੀ। ਸਰਕਾਰ ਬਚਾਉਣ ਸਬੰਧੀ ਉਪ-ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਜੇ ਊਨਾ ਦੇ 2 ਵਿਧਾਇਕ ਬਗਾਵਤ ’ਤੇ ਉਤਰੇ ਤਾਂ ਮੈਂ ਤੇ ਬਬਲੂ ਅਜਿਹੇ ਸਨ ਜਿਨ੍ਹਾਂ ਨੇ ਸਰਕਾਰ ਬਚਾਈ। ਹਮੀਰਪੁਰ ਦੇ ਲੋਕ ਜਿੱਥੇ ਆਪਣੇ ਹੀ ਸੀ. ਐੱਮ. ਨੂੰ ਡੇਗਦੇ ਹਨ, ਉੱਥੇ ਹੀ ਊਨਾ ਦੇ ਲੋਕ ਆਪਣੇ ਲੋਕਾਂ ਨੂੰ ਬਚਾਉਂਦੇ ਹਨ।

ਅਗਨੀਹੋਤਰੀ ਨੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਨੂੰ ਵੀ ਨਸੀਹਤ ਦਿੱਤੀ ਕਿ ਉਹ ਸਰਕਾਰ ਬਣਾਉਣ ਦੇ ਦਿਨ ਵੇਲੇ ਸੁਪਨੇ ਵੇਖਣੇ ਬੰਦ ਕਰ ਦੇਣ। ਭਾਜਪਾ ਨੂੰ 10 ਸੀਟਾਂ ਚਾਹੀਦੀਆਂ ਹਨ ਅਤੇ ਕਾਂਗਰਸ ਇਕ ਸੀਟ ਦੇ ਨਾਲ ਹੀ ਕੰਫਰਟੇਬਲ ਹੋ ਜਾਵੇਗੀ। ਉਪ-ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ 2 ਸੀਟਾਂ ਊਨਾ ਦੀਆਂ ਕਾਂਗਰਸ ਜਿੱਤੇਗੀ ਅਤੇ ਆਉਣ ਵਾਲੇ ਦਿਨਾਂ ’ਚ ਭਾਜਪਾ ਵਿਚ ਤੂਫਾਨ ਮਚੇਗਾ। ਚੰਗਿਆੜੀ ਸੁਲਗ ਰਹੀ ਹੈ ਅਤੇ ਵੱਡਾ ਧਮਾਕਾ ਹੋਵੇਗਾ।

ਉਪ-ਮੁੱਖ ਮੰਤਰੀ ਦੀ ਅਹਿਮ ਭੂਮਿਕਾ

ਕੁਲ ਮਿਲਾ ਕੇ ਕੁਟਲੈਹੜ ਦੀ ਰੈਲੀ ਦੇ ਬਹਾਨੇ ਕਾਂਗਰਸ ਨੇ ਆਪਣੀ ਤਾਕਤ ਦੀ ਨੁਮਾਇਸ਼ ਕੀਤੀ ਹੈ। ਇਹ ਸਪਸ਼ਟ ਹੋਇਆ ਹੈ ਕਿ ਸੂਬੇ ’ਚ ਆਉਣ ਵਾਲੇ ਦਿਨਾਂ ’ਚ ਮੁੱਖ ਮੰਤਰੀ ਦੇ ਨਾਲ-ਨਾਲ ਉਪ-ਮੁੱਖ ਮੰਤਰੀ ਦੀ ਭੂਮਿਕਾ ਵੀ ਵੱਡੀ ਰਹੇਗੀ। ਜਿਵੇਂ ਸਰਕਾਰ ਬਚਾਉਣ ’ਚ ਉਪ-ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਸੰਕਟਮੋਚਕ ਦੇ ਰੂਪ ’ਚ ਸਾਹਮਣੇ ਆਏ, ਉਸ ਤੋਂ ਇਹ ਤੈਅ ਹੈ ਕਿ ਸਰਕਾਰ ਤੇ ਪਾਰਟੀ ਦੇ ਫੈਸਲਿਆਂ ’ਚ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੀ ਰਾਏ ਨੂੰ ਵੀ ਸਰਵਉੱਚ ਪਹਿਲ ਦੇਣਗੇ।


author

Rakesh

Content Editor

Related News