ਸ਼ਾਕਾਹਾਰੀ ਦੀ ਜਗ੍ਹਾ ਭੇਜਿਆ ਮਾਸਾਹਾਰੀ ਹੌਟ ਡਾਗ , 15 ਹਜ਼ਾਰ ਦਾ ਹਰਜ਼ਾਨਾ
Saturday, Apr 06, 2024 - 04:02 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਖ਼ਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਗਾਹਕ ਨੂੰ ਸ਼ਾਕਾਹਾਰੀ ਦੀ ਜਗ੍ਹਾ ਮਾਸਾਹਾਰੀ ਹੌਟ ਡਾਗ ਭੇਜਣ ’ਤੇ ਸੈਕਟਰ-35 ਸਥਿਤ ਰੈਸਟੋਰੈਂਟ ’ਤੇ 15 ਹਜ਼ਾਰ ਰੁਪਏ ਦਾ ਹਰਜ਼ਾਨਾ ਲਾਇਆ ਹੈ। ਨਾਲ ਹੀ ਕਮਿਸ਼ਨ ਨੇ ਕੇਸ ਖ਼ਰਚ ਦੇ ਤੌਰ ’ਤੇ ਪਟੀਸ਼ਨਕਰਤਾ ਨੂੰ ਹੋਰ 10 ਹਜ਼ਾਰ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਹਨ। ਸੈਕਟਰ-38 ਦੀ ਰਹਿਣ ਵਾਲੀ ਕੁੜੀ ਨੇ ਸਵਿੱਗੀ ਰਾਹੀਂ ਸੈਕਟਰ-35 ਸਥਿਤ ਰੈਸਟੋਰੈਂਟ ਤੋਂ ਸ਼ਾਕਾਹਾਰੀ ਹੌਟ ਡਾਗ ਅਤੇ ਕੋਲਡ ਕੌਫੀ ਕਲਾਸਿਕ ਸ਼ੇਕ ਆਰਡਰ ਕੀਤਾ ਸੀ ਪਰ ਖਾਣ ’ਤੇ ਪਤਾ ਲੱਗਿਆ ਕਿ ਉਹ ਸ਼ਾਕਾਹਾਰੀ ਨਹੀਂ ਸਗੋਂ ਮਾਸਾਹਾਰੀ ਸੀ।
ਉਸ ਨੂੰ ਖਾਣ ਨਾਲ ਉਸ ਦੀ ਸਿਹਤ ਵਿਗੜ ਗਈ ਅਤੇ ਉਲਟੀ-ਦਸਤ ਦੀ ਸਮੱਸਿਆ ਹੋ ਗਈ। ਸੋਲਨ ਦੀ ਰਹਿਣ ਵਾਲੀ ਸੈਕਟਰ-38 ਦੀ ਜੋਤੀ ਠਾਕੁਰ ਨੇ ਮਾਸਾਹਾਰੀ ਹੌਟ ਡਾਗ ਭੇਜਣ ’ਤੇ ਸੈਕਟਰ-35 ਸਥਿਤ ਰੈਸਟੋਰੈਂਟ ਅਤੇ ਸਵਿੱਗੀ ਇੰਡੀਆ ਖ਼ਿਲਾਫ਼ ਜ਼ਿਲ੍ਹਾ ਖ਼ਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ। ਉਸ ਨੇ 26 ਅਪ੍ਰੈਲ 2022 ਨੂੰ ਸਵਿੱਗੀ ਤੋਂ ਸੈਕਟਰ-35ਸੀ ਸਥਿਤ ਰੈਸਟੋਰੈਂਟ ਤੋਂ ਸ਼ਾਕਾਹਾਰੀ ਹੌਟ ਡਾਗ ਤੇ ਕੋਲਡ ਕੌਫੀ ਕਲਾਸਿਕ ਸ਼ੇਕ ਆਰਡਰ ਕੀਤਾ ਸੀ।
ਇਸ ਲਈ ਆਨਲਾਈਨ 306 ਰੁਪਏ ਦਾ ਭੁਗਤਾਨ ਵੀ ਕੀਤਾ ਸੀ। ਉਸ ਨੇ ਸਵਿੱਗੀ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਗ਼ਲਤੀ ਮੰਨਦਿਆਂ ਉਨ੍ਹਾਂ ਨੂੰ 130 ਰੁਪਏ ਰੀਫੰਡ ਕਰ ਦਿੱਤੇ। ਪੀੜਤ ਨੇ ਕਮਿਸ਼ਨ ਨੂੰ ਦੱਸਿਆ ਕਿ ਖਾਣ ਤੋਂ ਬਾਅਦ ਪਤਾ ਲੱਗਿਆ ਕਿ ਹੌਟ ਡਾਗ ਸ਼ਾਕਾਹਾਰੀ ਨਹੀਂ ਸਗੋਂ ਮਾਸਾਹਾਰੀ ਸੀ। ਉਸ ਨੂੰ ਖਾਣ ਨਾਲ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਉਲਟੀ ਅਤੇ ਦਸਤ ਦੀ ਸਮੱਸਿਆ ਹੋਈ। ਉਸ ਨੇ ਕਿਹਾ ਕਿ ਉਹ ਹਿੰਦੂ ਪਰਿਵਾਰ ਤੋਂ ਹੈ ਅਤੇ ਸ਼ਾਕਾਹਾਰੀ ਹੈ।
ਮਾਸਾਹਾਰੀ ਹੌਟ ਡਾਗ ਖਾਣ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਉਨ੍ਹਾਂ ਨੇ ਰੈਸਟੋਰੈਂਟ 'ਤੇ ਸਵਿੱਗੀ ਨੂੰ ਸ਼ਿਕਾਇਤ ਦਿੱਤੀ ਅਤੇ ਆਰਡਰ ਦੇ ਰੁਪਏ ਵਾਪਸ ਕਰਨ ਨੂੰ ਕਿਹਾ। ਉਸ ਦੀ ਸ਼ਿਕਾਇਤ ’ਤੇ ਕੋਈ ਸੁਣਵਾਈ ਨਹੀਂ ਹੋਈ, ਜਿਸ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਕਮਿਸ਼ਨ ਨੂੰ ਦਿੱਤੀ ਗਈ।