ਤਾਲਾਬੰਦੀ ਬਣੀ ਵੱਡੀ ਮੁਸੀਬਤ, ਸੜਕ ''ਤੇ ਦੁੱਧ ਰੋੜ੍ਹ ਕੇ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ
Saturday, May 30, 2020 - 04:28 PM (IST)

ਕੋਲਕਾਤਾ— ਕੋਰੋਨਾ ਵਾਇਰਸ ਮਹਾਮਾਰੀ ਕਰ ਕੇ ਲਾਗੂ ਤਾਲਾਬੰਦੀ ਕਾਰਨ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ੀ-ਰੋਟੀ ਲਈ ਲੋਕਾਂ ਨੂੰ ਮੁਸੀਬਤਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਛੋਟੇ-ਵੱਡੇ ਕਾਰੋਬਾਰ ਠੱਪ ਹੋ ਗਏ ਹਨ, ਜਿਸ ਕਾਰਨ ਮਜ਼ਦੂਰ ਘਰਾਂ ਨੂੰ ਪਰਤ ਰਹੇ ਹਨ। ਅਜਿਹੇ ਵਿਚ ਸਾਰੇ ਹੀ ਸਰਕਾਰ ਵਿਰੁੱਧ ਆਪਣੇ ਗੁੱਸਾ ਜ਼ਾਹਰ ਕਰ ਰਹੇ ਹਨ। ਕੁਝ ਅਜਿਹਾ ਹੀ ਪੱਛਮੀ ਬੰਗਾਲ ਦੇ ਆਸਨਸੋਲ 'ਚ ਦੇਖਣ ਨੂੰ ਮਿਲਿਆ। ਜ਼ਿਲੇ ਦੇ ਬਾਰਾਬਾਨੀ ਇਲਾਕੇ 'ਚ ਗਊ ਮਾਲਕਾਂ ਨੇ ਸੜਕ 'ਤੇ ਦੁੱਧ ਰੋੜ੍ਹ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮਮਤਾ ਬੈਨਰਜੀ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ।
ਸ਼ਨੀਵਾਰ ਦੀ ਸਵੇਰ ਨੂੰ ਆਸਨਸੋਲ ਦੇ ਬਾਰਾਬਾਨੀ 'ਚ ਵੱਡੀ ਗਿਣਤੀ 'ਚ ਗਊ ਮਾਲਕ ਇਕੱਠੇ ਹੋਏ ਅਤੇ ਸਰਕਾਰ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੜਕ 'ਤੇ ਦੁੱਧ ਰੋੜ੍ਹ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਤਾਲਾਬੰਦੀ ਕਰ ਕੇ ਦੁੱਧ ਨਹੀਂ ਵਿਕ ਰਿਹਾ ਹੈ ਅਤੇ ਉਨ੍ਹਾਂ ਨੂੰ ਜਾਨਵਰਾਂ ਨੂੰ ਖਉਆਉਣ ਲਈ ਕੁੱਝ ਨਹੀਂ ਮਿਲ ਰਿਹਾ। ਇਕ ਗਊ ਮਾਲਕ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਸਰਕਾਰ ਸਾਡੀ ਗਾਂਵਾਂ, ਮੱਝਾਂ ਲਈ ਚਾਰੇ ਦੀ ਵਿਵਸਥਾ ਕਰੇ। ਤਾਲਾਬੰਦੀ ਕਾਰਨ ਉਨ੍ਹਾਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ, ਅਜਿਹੇ ਵਿਚ ਜਦੋਂ ਦੁੱਧ ਨਹੀਂ ਵਿਕ ਰਿਹਾ ਹੈ ਤਾਂ ਉਹ ਆਪਣਾ ਅਤੇ ਜਾਨਵਰਾਂ ਦਾ ਢਿੱਡ ਕਿਵੇਂ ਭਰਨ।