ਲਾੜੇ ਦੀ ਸਰਕਾਰੀ ਨੌਕਰੀ ਨਹੀਂ, ਫੇਰੇ ਲੈਣ ਤੋਂ ਮੁੱਕਰੀ ਲਾੜੀ

Thursday, Nov 28, 2024 - 12:38 PM (IST)

ਫਰੂਖਾਬਾਦ- ਬੈਂਡ-ਵਾਜਿਆਂ ਨਾਲ ਬਾਰਾਤ ਆਈ ਪਰ ਲਾੜੇ ਨੂੰ ਬਿਨਾਂ ਲਾੜੀ ਦੇ ਪਰਤਣਾ ਪਿਆ। ਲਾੜੀ ਨੇ ਲਾੜੇ ਦੇ ਗਲ਼ ਵਿਚ ਜੈਮਾਲਾ ਵੀ ਪਾ ਦਿੱਤੀ ਸੀ ਪਰ ਫੇਰੇ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮੁੰਡੇ ਦੀ ਸਰਕਾਰੀ ਨੌਕਰੀ ਨਹੀਂ ਸੀ। ਦਰਅਸਲ ਕੁੜੀ ਨੂੰ ਦੱਸਿਆ ਗਿਆ ਸੀ ਕਿ ਮੁੰਡੇ ਦੀ ਸਰਕਾਰੀ ਨੌਕਰੀ ਹੈ ਪਰ ਐਨ ਫੇਰਿਆਂ ਦੇ ਮੌਕੇ ਲਾੜੀ ਨੂੰ ਪਤਾ ਲੱਗਾ ਕਿ ਲਾੜਾ ਪ੍ਰਾਈਵੇਟ ਨੌਕਰੀ ਕਰਦਾ ਹੈ ਤਾਂ ਉਸ ਨੇ ਫੇਰੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਦੋਹਾਂ ਪੱਖਾਂ ਦੇ ਲੋਕਾਂ ਨੇ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਫੇਲ ਸਾਬਤ ਹੋ ਗਈਆਂ।

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਦਾ ਹੈ। ਫਰੂਖਾਬਾਦ ਵਿਚ ਸਰਕਾਰੀ ਕਲਰਕ ਦੇ ਪੁੱਤ ਦੀ ਬਾਰਾਤ ਆਈ ਸੀ। ਬਾਰਾਤ ਦਾ ਧੂਮਧਾਮ ਨਾਲ ਸਵਾਗਤ ਕੀਤਾ ਗਿਆ। ਇਸ ਮਗਰੋਂ ਜੈਮਾਲਾ ਦੀ ਰਸਮ ਹੋਈ। ਇਸ ਦੌਰਾਨ ਕਿਸੇ ਨੇ ਲਾੜੇ ਦੀ ਨੌਕਰੀ ਬਾਰੇ ਪੁੱਛ ਲਿਆ। ਲਾੜੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਿਵਲ ਇੰਜੀਨੀਅਰ ਹੈ ਅਤੇ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਹੈ। ਇਹ ਸੁਣਦੇ ਹੀ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਸੀ ਕਿ ਉਹ ਸਿਰਫ਼ ਸਰਕਾਰੀ ਨੌਕਰੀ ਕਰਨ ਵਾਲੇ ਨਾਲ ਹੀ ਵਿਆਹ ਕਰੇਗੀ।

ਜਦੋਂ ਲਾੜੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਫੋਨ 'ਤੇ ਆਪਣੀ ਤਨਖ਼ਾਹ ਦੀ ਸਲਿਪ ਮੰਗਵਾਈ ਅਤੇ ਲਾੜੀ ਪੱਖ ਦੇ ਲੋਕਾਂ ਨੂੰ ਵਿਖਾਈ। ਉਸ ਸਲਿਪ 'ਤੇ ਇਕ ਲੱਖ 20 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਲਿਖਿਆ ਹੋਇਆ ਸੀ। ਇਸ ਦੇ ਬਾਵਜੂਦ ਲਾੜੀ ਆਪਣੀ ਜ਼ਿੱਦ 'ਤੇ ਅੜੀ ਰਹੀ ਅਤੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਅਖ਼ੀਰ ਵਿਚ ਇਹ ਵਿਆਹ ਨਹੀਂ ਹੋ ਸਕਿਆ। ਥੱਕ-ਹਾਰ ਕੇ ਦੋਹਾਂ ਪੱਖਾਂ ਵਿਚ ਲੈਣ-ਦੇਣ ਦਾ ਸਮਝੌਤਾ ਹੋਇਆ। ਇਸ ਤੋਂ ਬਾਅਦ ਲਾੜਾ ਬਾਰਾਤ ਲੈ ਕੇ ਵਾਪਸ ਪਰਤ ਗਿਆ।


Tanu

Content Editor

Related News