ਰਾਤ ਨੂੰ ਕੱਟੇ ਗਏ ਮਾਂ-ਬੇਟੀ ਦੇ ਵਾਲ, ਹੁਣ ਇਸ ਤਰ੍ਹਾਂ ਪਹਿਰਾ ਦੇ ਰਹੀਆਂ ਹਨ ਔਰਤਾਂ (ਤਸਵੀਰਾਂ)
Friday, Jul 28, 2017 - 03:00 PM (IST)
ਫਤਿਹਾਬਾਦ— ਇੱਥੋਂ ਦੇ ਪਿੰਡ ਕਿਰਢਾਨ 'ਚ ਇਕ ਮਾਂ ਅਤੇ ਬੇਟੀ ਦੀ ਅੱਧੀ ਰਾਤ ਨੂੰ ਗੁੱਤ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਲੋਕਾਂ 'ਤੇ ਘਰ ਵੜ ਕੇ ਵਾਰਦਾਤ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਇਸ ਤੋਂ ਬਾਅਦ ਹੁਣ ਪਿੰਡ ਦੀਆਂ ਔਰਤਾਂ ਅਤੇ ਪੁਰਸ਼ਾਂ ਨੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਪਿੰਡ ਦੀ ਇਕ ਔਰਤ ਬਿਮਲਾ ਦੇਵੀ ਅਤੇ ਉਸ ਦੀ ਬੇਟੀ ਮਮਤਾ ਰਾਣੀ ਦਾ ਦੋਸ਼ ਹੈ ਕਿ ਰਾਤ ਨੂੰ ਕਿਸੇ ਨੇ ਉਸ ਦੀ ਅਤੇ ਉਸ ਦੀ ਬੇਟੀ ਦੀ ਗੁੱਤ ਕੱਟ ਦਿੱਤੀ। ਜਦੋਂ ਇਹ ਘਟਨਾ ਹੋਈ ਤਾਂ ਦੋਹਾਂ ਨੇ ਰੌਲਾ ਪਾ ਦਿੱਤਾ। ਆਵਾਜ਼ ਸੁਣ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਫਰਾਰ ਹੋ ਗਏ। ਇਸ ਤੋਂ ਬਾਅਦ ਪੂਰੇ ਪਿੰਡ 'ਚ ਹੱਲਚੱਲ ਹੈ। ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਅਤੇ ਸਮੂਹਕ ਰੂਪ ਨਾਲ ਫੈਸਲਾ ਲਿਆ ਗਿਆ ਕਿ ਔਰਤਾਂ ਅਤੇ ਪੁਰਸ਼ ਪਹਿਰਾ ਦੇਣਗੇ। ਇਸ ਤੋਂ ਬਾਅਦ ਸਾਰੇ ਪਿੰਡ ਵਾਲੇ ਹੱਥਾਂ 'ਚ ਡੰਡੇ ਅਤੇ ਲਾਠੀਆਂ ਲੈ ਕੇ ਪਹਿਰਾ ਦਿੰਦੇ ਨਜ਼ਰ ਆਏ।
ਇਨ੍ਹਾਂ ਘਟਨਾਵਾਂ ਦਰਮਿਆਨ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਫੈਲਾਇਆ ਜਾ ਰਿਹਾ ਹੈ ਕਿ ਰਾਤ ਨੂੰ ਕਿਸੇ ਦੀ ਗੁੱਤ ਕੱਟੀ ਜਾਂਦੀ ਹੈ ਤਾਂ ਉਸ ਦੇ ਕੁਝ ਦਿਨਾਂ ਬਾਅਦ ਉਸ ਔਰਤ ਦੀ ਮੌਤ ਹੋ ਜਾਂਦੀ ਹੈ। ਇਸ ਮੈਸੇਜ ਦੇ ਬਾਅਦ ਤੋਂ ਹੀ ਕਿਰਢਾਨ ਪਿੰਡ ਦੇ ਲੋਕ ਡਰ 'ਚ ਹਨ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਪਿੰਡਾਂ 'ਚ ਲਗਾਤਾਰ ਪੀ.ਸੀ.ਆਰ. ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਹੈ।
