ਬਿਹਾਰ ਦੇ ਮੁੱਖ ਮੰਤਰੀ ਵਲੋਂ ਮੁਸਲਿਮ ਬੇਟੀ ਦਾ ਨਕਾਬ ਹਟਾਉਣਾ ਸ਼ਰਮਨਾਕ : ਸ਼ਾਹੀ ਇਮਾਮ
Thursday, Dec 18, 2025 - 10:10 PM (IST)
ਲੁਧਿਆਣਾ, (ਰਿੰਕੂ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਲੋਂ ਬੀਤੇ ਦਿਨੀਂ ਇਕ ਸਮਾਗਮ ਦੌਰਾਨ ਮੁਸਲਿਮ ਬੇਟੀ ਦੇ ਚਿਹਰੇ ਤੋਂ ਨਕਾਬ ਹਟਾਉਣ ਦੀ ਹਰਕਤ ਨੂੰ ਸ਼ਰਮਨਾਕ ਦੱਸਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਰੜੇ ਸ਼ਬਦਾਂ ’ਚ ਨਿਖੇਧੀ ਕੀਤੀ।
ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਨਿਤੀਸ਼ ਕੁਮਾਰ ਨੂੰ ਆਪਣੀ ਉਮਰ ਅਤੇ ਅਹੁਦੇ ਦਾ ਬਿਲਕੁਲ ਵੀ ਲਿਹਾਜ਼ ਨਹੀਂ ਰਿਹਾ। ਉਨ੍ਹਾਂ ਦਾ ਇਹ ਰਵੱਈਆ ਉਨ੍ਹਾਂ ਦੇ ਅੰਦਰ ਲੁਕੀ ਹੋਈ ਮੁਸਲਿਮ ਦੁਸ਼ਮਣੀ ਨੂੰ ਦਰਸਾ ਰਿਹਾ ਹੈ।
ਸ਼ਾਹੀ ਇਮਾਮ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਉਨ੍ਹਾਂ ਦੀ ਇਸ ਨਾਪਾਕ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਨਿਤੀਸ ਕੁਮਾਰ ਨੂੰ ਫੌਰਨ ਬਿਨਾਂ ਕਿਸੇ ਸਰਤ ਦੇ ਮੁਆਫੀ ਮੰਗਣੀ ਚਾਹੀਦੀ ਹੈ। ਇਹ ਹਰਕਤ ਉਨ੍ਹਾਂ ਨੇ ਸਿਰਫ ਇਕ ਬੇਟੀ ਦੇ ਨਾਲ ਹੀ ਨਹੀਂ ਕੀਤੀ, ਸਗੋਂ ਦੁਨੀਆਂ ਦੇ ਸਭ ਤੋਂ ਵੱਡੇ ਧਰਮ ਇਸਲਾਮ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਉਹ ਪੰਜਾਬ ਤੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਅਦਾਲਤ ’ਚ ਕੇਸ ਦਾਇਰ ਕਰਨਗੇ।
