ਹੁਣ ਪੰਜਾਬ ਦੇ ਇਸ ਇਲਾਕੇ ''ਚੋਂ ਮਿਲਿਆ ਗ੍ਰਨੇਡ! ਪੁਲਸ ਨੇ ਗ੍ਰਿਫ਼ਤਾਰ ਕੀਤਾ ''ਫ਼ੌਜੀ''
Saturday, Dec 20, 2025 - 06:47 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਫ਼ੌਜ ਤੋਂ ਭਗੌੜੇ ਹੋਏ ਰਾਜਬੀਰ ਸਿੰਘ ਉਰਫ਼ ਫ਼ੌਜੀ ਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਆਪ੍ਰੇਸ਼ਨ ਦੌਰਾਨ ਇਕ ਹੈਂਡ ਗ੍ਰਨੇਡ ਤੇ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਰਾਜਬੀਰ ਸਿੰਘ ਇਕ ਜਾਸੂਸੀ ਮਾਮਲੇ ਵਿਚ ਵੀ ਲੋੜੀਂਦਾ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਐੱਸ.ਏ.ਐੱਸ. ਨਗਰ ਵੱਲੋਂ ਨਾਰਕੋ-ਅੱਤਵਾਦ ਗਠਜੋੜ ਵਿਰੁੱਧ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ, ਫ਼ੌਜ ਤੋਂ ਭਗੋੜੇ ਰਾਜਬੀਰ ਸਿੰਘ ਉਰਫ਼ ਫੌਜੀ ਅਤੇ ਉਸ ਦੇ ਸਾਥੀ ਨੂੰ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਰੈਕੇਟ ਵਿਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਹੈ। ਅਗਲੇ ਅਤੇ ਪਿਛਲੇ ਸਬੰਧਾਂ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਇਸ ਆਪ੍ਰੇਸ਼ਨ ਦੌਰਾਨ, ਅੱਤਵਾਦੀ ਵਿੱਤੀ ਲੈਣ ਦੇਣ ਅਤੇ ਨਸ਼ਾ ਤਸਕਰੀ ਨਾਲ ਜੁੜੇ ਇਕ ਨੈੱਟਵਰਕ ਦਾ ਪਰਦਾਫਾਸ਼ ਕਰਕੇ ਇਕ ਹੈਂਡ ਗ੍ਰਨੇਡ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਡੀ. ਜੀ. ਪੀ. ਨੇ ਦੱਸਿਆ ਕਿ ਰਾਜਬੀਰ ਸਿੰਘ ਇਸ ਸਾਲ ਦੇ ਸ਼ੁਰੂ ਵਿਚ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਵਿਖੇ ਦਰਜ ਕੀਤੇ ਗਏ ਇੱਕ ਜਾਸੂਸੀ ਮਾਮਲੇ ਵਿਚ ਵੀ ਲੋੜੀਂਦਾ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਹਰਿਆਣਾ ਦੇ ਸਿਰਸਾ ਵਿਚ ਮਹਿਲਾ ਥਾਣੇ ‘ਤੇ ਹੋਏ ਗ੍ਰਨੇਡ ਹਮਲੇ ਦੀ ਸਾਜ਼ਿਸ਼ ਵਿਚ ਵੀ ਸ਼ਾਮਲ ਸੀ ਅਤੇ ਉਸ ਨੇ ਹੈਂਡ ਗ੍ਰਨੇਡ ਦੀ ਸਪਲਾਈ ਅਤੇ ਹਮਲੇ ਲਈ ਵਿੱਤੀ ਮਦਦ ਕੀਤੀ ਸੀ। ਅਗਲੇਰੀ ਜਾਂਚ ਜਾਰੀ ਹੈ। ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਨਾਰਕੋ-ਅੱਤਵਾਦ ਨੈੱਟਵਰਕਾਂ ਨੂੰ ਖਤਮ ਕਰਨ ਅਤੇ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
