ਕਸ਼ਮੀਰ ਦੇ ਉਪਰਲੇ ਹਿੱਸਿਆਂ ''ਚ ਹੋਈ ਬਰਫਬਾਰੀ

02/25/2018 4:32:32 PM

ਸ਼੍ਰੀਨਗਰ — ਜੰਮੂ-ਕਸ਼ਮੀਰ ਵਿਚ ਸ਼ਨੀਵਾਰ ਤਾਜ਼ਾ ਬਰਫਬਾਰੀ ਹੋਣ ਕਾਰਨ ਸਾਧਨਾ ਟਾਪ, ਜੀ-ਗਲੀ ਅਤੇ ਫਿਰਕਿਆਨ ਦੱਰੇ ਨੂੰ ਬੰਦ ਕਰ ਦਿੱਤਾ ਗਿਆ। ਇਸ ਕਾਰਨ ਕੰਟਰੋਲ ਰੇਖਾ ਨੇੜਲੇ ਵੱਖ-ਵੱਖ ਪਿੰਡਾਂ ਦਾ ਜ਼ਿਲਾ ਅਤੇ ਤਹਿਸੀਲ ਹੈੱਡ ਕੁਆਰਟਰ ਨਾਲੋਂ ਸੰਪਰਕ ਟੁੱਟ ਗਿਆ। ਕਸ਼ਮੀਰ ਦੇ ਉਪਰਲੇ ਹਿੱਸਿਆਂ 'ਚ ਸ਼ਨੀਵਾਰ ਰਾਤ ਤਕ 4 ਇੰਚ ਤਕ ਬਰਫ ਪੈ ਚੁੱਕੀ ਸੀ। 
ਕੁਪਵਾੜਾ ਤੋਂ ਪੁਲਸ ਕੰਟਰੋਲ ਰੂਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਪਵਾੜਾ ਅਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਵਰਖਾ ਹੋਈ। ਕੁਪਵਾੜਾ ਨੂੰ ਵੱਖ-ਵੱਖ ਇਲਾਕਿਆਂ ਨਾਲ ਜੋੜਨ ਵਾਲੀਆਂ ਸੜਕਾਂ 'ਤੇ ਆਵਾਜਾਈ ਸਾਰਾ ਦਿਨ ਬੰਦ ਰਹੀ। 
ਪੰਜਾਬ ਤੇ ਹਰਿਆਣਾ 'ਚ ਕਈ ਥਾਈਂ ਮੀਂਹ-ਓਧਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਸ਼ਨੀਵਾਰ ਹਲਕੀ ਵਰਖਾ ਹੋਈ। ਕੁਝ ਥਾਵਾਂ 'ਤੇ ਗੜੇ ਪੈਣ ਦੀ ਵੀ ਖਬਰ ਹੈ। ਚੰਡੀਗੜ੍ਹ 'ਚ 0.7 ਮਿ. ਮੀ. ਮੀਂਹ ਪਿਆ। ਇਥੇ ਘੱਟੋ-ਘੱਟ ਤਾਪਮਾਨ 17.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 8 ਡਿਗਰੀ ਵੱਧ ਸੀ।  ਚੰਡੀਗੜ੍ਹ 'ਚ ਸਵੇਰੇ 10 ਵਜੇ ਦੇ ਲਗਭਗ ਗੜੇ ਵੀ ਪਏ। 
ਅੰਮ੍ਰਿਤਸਰ 'ਚ 0.6 ਤੇ ਅੰਬਾਲਾ 'ਚ 0.2 ਮਿ. ਮੀ. ਮੀਂਹ ਪਿਆ। ਜਲੰਧਰ, ਲੁਧਿਆਣਾ ਤੇ ਬਠਿੰਡਾ 'ਚ ਹਲਕੀ ਵਰਖਾ ਹੋਈ। ਸ਼ਿਮਲਾ ਵਿਖੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੰਡੀ ਵਿਖੇ 9, ਕਾਂਗੜਾ ਵਿਖੇ 12 ਅਤੇ ਊਨਾ ਵਿਖੇ ਇਹ 14 ਡਿਗਰੀ ਸੀ।  ਮੌਸਮ ਵਿਭਾਗ ਮੁਤਾਬਕ ਸੋਮਵਾਰ ਸ਼ਾਮ ਤਕ ਪੰਜਾਬ ਅਤੇ ਹਰਿਆਣਾ ਵਿਚ ਕਿਤੇ-ਕਿਤੇ ਮੀਂਹ ਪੈ ਸਕਦਾ ਹੈ। ਉਸ ਤੋਂ ਬਾਅਦ ਮੌਸਮ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।


Related News