ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਦਾਲਤ ’ਚ ਹੋਈ ਗਵਾਹੀ, ਮੁੜ ਪੇਸ਼ੀ 16 ਜਨਵਰੀ ਨੂੰ
Friday, Dec 19, 2025 - 09:43 PM (IST)
ਮਾਨਸਾ (ਸੰਦੀਪ ਮਿੱਤਲ) : ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਉਸ ਦੇ ਪਿਤਾ ਬਲਕੌਰ ਸਿੰਘ ਅੱਜ ਗਵਾਹੀ ਦੇਣ ਲਈ ਅਦਾਲਤ ’ਚ ਪੇਸ਼ ਹੋਏ। ਉਨ੍ਹਾਂ ਦੀ ਅਜੇ ਮੁਕੰਮਲ ਗਵਾਹੀ ਨਹੀਂ ਹੋਈ, ਅਦਾਲਤ ਨੇ ਮੁੜ ਅਗਲੀ ਪੇਸ਼ੀ 16 ਜਨਵਰੀ ਰੱਖੀ ਗਈ ਹੈ। ਇਸ ਦੌਰਾਨ ਮੂਸੇਵਾਲਾ ਦੇ ਕਤਲ ਵੇਲੇ ਉਸ ਦੀ ਲਾਸਟ ਰਾਈਡ ਗੋਲੀਆਂ ਨਾਲ ਛਲਣੀ ਹੋਈ ਥਾਰ ਗੱਡੀ ਵੀ ਅਦਾਲਤ ’ਚ ਪੇਸ਼ ਕੀਤੀ ਗਈ। ਮਾਨਸਾ ਦੀ ਅਦਾਲਤ ’ਚ ਪੇਸ਼ੀ ਦੌਰਾਨ ਕਤਲ ਮਾਮਲੇ ਦੇ ਮੁਲਜ਼ਮ ਲਾਰੈਂਸ਼ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ 26 ਮੁਲਜ਼ਮਾਂ ਨੇ ਵੀ. ਸੀ. ਰਾਹੀਂ ਪੇਸ਼ੀ ਭੁਗਤੀ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਦਾਲਤ ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਕ ਨਾ ਇਕ ਦਿਨ ਉਨ੍ਹਾਂ ਦੇ ਪੁੱਤ ਦੇ ਕਤਲ ਦਾ ਇਨਸਾਫ ਜ਼ਰੂਰ ਮਿਲੇਗਾ ਅਤੇ ਉਹ ਨਿਡਰ ਹੋ ਕੇ ਆਪਣੀ ਕਾਨੂੰਨੀ ਲੜਾਈ ਲੜਦੇ ਰਹਿਣਗੇ। ਦੱਸਿਆ ਜਾਂਦਾ ਹੈ ਕਿ ਬਲਕੌਰ ਸਿੰਘ ਨੇ ਇਸ ਤੋਂ ਪਹਿਲਾਂ ਵੀ ਪੇਸ਼ੀ ਦੌਰਾਨ ਸ਼ੂਟਰਾਂ ਦੀ ਪਛਾਣ ਕੀਤੀ ਸੀ ਤੇ ਉਨ੍ਹਾਂ ਅਦਾਲਤ ’ਚ ਸ਼ੂਟਰਾਂ ਨੂੰ ਵੀਡੀਓ ਕਾਨਫਰੰਸ ਦੀ ਬਜਾਏ ਸਰੀਰਕ ਤੌਰ ’ਤੇ ਪੇਸ਼ ਕਰਨ ਦੀ ਅਪੀਲ ਕੀਤੀ ਸੀ।
ਇਸ ਤੋਂ ਇਲਾਵਾ ਮੋਹਾਲੀ ਕਬੱਡੀ ਮੈਚ ਦੌਰਾਨ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ’ਚ ਕੁੱਝ ਗੈਂਗਸਟਰਾਂ ਵੱਲੋਂ ਇਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਕਹੀ ਗੱਲ ਤੋਂ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੁੱਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਕੋਈ ਕੁੱਝ ਬੋਲ ਰਿਹਾ ਹੈ ਕੋਈ ਕੁੱਝ ਕਹਿ ਰਿਹਾ ਹੈ, ਉਹ ਆਪਣੇ ਪੁੱਤ ਦੇ ਕਤਲ ਦਾ ਇਨਸਾਫ ਲੈਣ ਲਈ ਲੜਾਈ ਲੜ ਰਹੇ ਹਨ।
