ਅਮਿਤ ਸ਼ਾਹ ਦੇ ਵਿਰੋਧ ’ਚ ਸਪਾ ਦਾ ਵਿਖਾਵਾ ; ਪੁਲਸ ਨਾਲ ਭਿੜੇ ਵਰਕਰ, 100 ਤੋਂ ਵੱਧ ਗ੍ਰਿਫਤਾਰ
Sunday, Dec 22, 2024 - 12:38 AM (IST)
ਪੀਲੀਭੀਤ, ਬੁਲੰਦਸ਼ਹਿਰ, (ਯੂ. ਐੱਨ. ਆਈ.)– ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਸਮਾਜਵਾਦੀ ਪਾਰਟੀ (ਸਪਾ) ਦੇ ਵਰਕਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿਚ ਦਿੱਤੇ ਗਏ ਬਿਆਨ ਦੇ ਵਿਰੋਧ ਵਜੋਂ ਸ਼ਨੀਵਾਰ ਨੂੰ ਜ਼ੋਰਦਾਰ ਵਿਖਾਵਾ ਕੀਤਾ। ਭਾਜਪਾ ਤੇ ਅਮਿਤ ਸ਼ਾਹ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਸੜਕਾਂ ’ਤੇ ਉਤਰਨ ਦਾ ਯਤਨ ਕਰ ਰਹੇ ਸਪਾ ਵਰਕਰਾਂ ਨੂੰ ਪੁਲਸ ਨੇ ਸੜਕਾਂ ’ਤੇ ਉਤਰਨ ਨਹੀਂ ਦਿੱਤਾ। ਸਪਾ ਦੇ ਜ਼ਿਲਾ ਮੁਖੀ ਜਗਦੇਵ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਹੈ। ਭਾਜਪਾ ਸਰਕਾਰ ਤਾਨਾਸ਼ਾਹੀ ਢੰਗ ਨਾਲ ਕੰਮ ਕਰ ਰਹੀ ਹੈ।
ਵਿਖਾਵਾ ਤੇ ਨਾਅਰੇਬਾਜ਼ੀ ਕਰਦੇ ਹੋਏ ਵਰਕਰਾਂ ਦੀ ਪੁਲਸ ਨਾਲ ਝੜਪ ਵੀ ਹੋਈ। ਪੁਲਸ ਨੇ 100 ਤੋਂ ਵੱਧ ਸਪਾ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਵਰਕਰ ਪੁਲਸ ਨਾਲ ਭਿੜ ਗਏ, ਜਿਨ੍ਹਾਂ ਨੂੰ ਗੱਡੀਆਂ ਵਿਚ ਭਰ ਕੇ ਪੁਲਸ ਲਾਈਨ ਭੇਜ ਦਿੱਤਾ ਗਿਆ।
ਇਸੇ ਤਰ੍ਹਾਂ ਬੁਲੰਦਸ਼ਹਿਰ ’ਚ ਵੀ ਸਪਾ ਦਾ ਰੋਸ ਵੇਖਣ ਨੂੰ ਮਿਲਿਆ। ਪਾਰਟੀ ਦੇ ਬੁਲੰਦਸ਼ਹਿਰ ਜ਼ਿਲਾ ਮੁਖੀ ਮਤਲੂਬ ਅਲੀ ਦੇ ਨਿਰਦੇਸ਼ਨ ’ਚ ਸਪਾ ਨੇ ਅਮਿਤ ਸ਼ਾਹ ਦੇ ਅਸਤੀਫੇ ਦੇ ਨਾਲ-ਨਾਲ ਬਰਖਾਸਤਗੀ ਦੀ ਵੀ ਮੰਗ ਕੀਤੀ। ਇੱਥੇ ਪੁਤਲਾ ਫੂਕਣ ਜਾ ਰਹੇ ਸਪਾ ਵਰਕਰਾਂ ਦੀ ਪੁਲਸ ਨਾਲ ਧੱਕਾ-ਮੁੱਕੀ ਹੋ ਗਈ। ਇਸ ਦੌਰਾਨ ਕਈ ਪੁਲਸ ਮੁਲਾਜ਼ਮ ਜ਼ਮੀਨ ’ਤੇ ਡਿੱਗ ਪਏ।