ਯੂਨੀਵਰਸਿਟੀ ’ਚ ਸੁਰੱਖਿਆ ਮੁਲਾਜ਼ਮਾਂ ਨਾਲ ਭਿੜੇ ਵਿਦਿਆਰਥੀ, ਮਾਰੇ ਇੱਟਾਂ-ਪੱਥਰ, 100 ਤੋਂ ਵੱਧ ਵਿਅਕਤੀ ਜ਼ਖ਼ਮੀ
Thursday, Dec 04, 2025 - 08:39 AM (IST)
ਵਾਰਾਣਸੀ (ਇੰਟ.) - ਦੇਰ ਰਾਤ ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ .ਯੂ.) ਦੇ ਰਾਜਾਰਾਮ ਹੋਸਟਲ ਨੇੜੇ ਮਾਮੂਲੀ ਝਗੜਾ ਵੱਡੀ ਘਟਨਾ ’ਚ ਬਦਲ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਤੇ ਸੁਰੱਖਿਆ ਮੁਲਾਜ਼ਮਾਂ ’ਚ ਝੜਪ ਹੋਈ, ਜਿਸ ਕਾਰਨ 100 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ। 3 ਘੰਟਿਆਂ ਤੱਕ ਕੈਂਪਸ ’ਚ ਬਦਅਮਨੀ ਛਾਈ ਰਹੀ। ਇਸ ਦੌਰਾਨ ਵਿਦਿਆਰਥੀਆਂ ਨੇ ਪਥਰਾਅ ਤੇ ਪੁਲਸ ਨੇ ਲਾਠੀਚਾਰਜ ਕੀਤਾ। ਕਈ ਚੀਜ਼ਾਂ ਦੀ ਭੰਨਤੋੜ ਕੀਤੀ ਗਈ। ਜ਼ਖਮੀਆਂ ’ਚ 50 ਤੋਂ ਵੱਧ ਵਿਦਿਆਰਥੀ, 40 ਸੁਰੱਖਿਆ ਮੁਲਾਜ਼ਮ ਤੇ 10 ਤੋਂ ਵੱਧ ਪੁਲਸ ਮੁਲਾਜ਼ਮ ਸ਼ਾਮਲ ਹਨ।
ਪੜ੍ਹੋ ਇਹ ਵੀ - ਹੋ ਗਿਆ ਐਲਾਨ : ਸਾਲ 2026 'ਚ 75 ਦਿਨ ਬੰਦ ਰਹਿਣਗੇ ਇਸ ਸੂਬੇ ਦੇ ਸਕੂਲ, ਆ ਗਈ ਪੂਰੀ LIST
ਇਸ ਘਟਨਾ ਦੌਰਾਨ ਗੰਭੀਰ ਜ਼ਖ਼ਮੀ ਹੋਏ ਲੋਕਾਂ ਨੂੰ ਟਰੋਮਾ ਸੈਂਟਰ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਭ ਤੋਂ ਵੱਧ ਹਿੰਸਾ ਐੱਲ. ਡੀ. ਗੈਸਟ ਹਾਊਸ ਚੌਰਾਹੇ ਨੇੜੇ ਹੋਈ, ਜਿੱਥੇ ਵਾਹਨਾਂ, ਫੁੱਲਾਂ ਦੇ ਗਮਲਿਆਂ, ਕੁਰਸੀਆਂ ਤੇ ਪੋਸਟਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਅੱਧਾ ਕਿਲੋਮੀਟਰ ਦੇ ਖੇਤਰ ’ਚ ਇੱਟਾਂ ਅਤੇ ਪੱਥਰ ਖਿਲਰੇ ਪਏ ਸਨ। ਸੂਤਰਾਂ ਅਨੁਸਾਰ ਹਿੰਸਾ ਇਕ ਵਿਦਿਆਰਥਣ ਨੂੰ ਵਾਹਨ ਵੱਲੋਂ ਟੱਕਰ ਮਾਰਨ ਤੋਂ ਬਾਅਦ ਸ਼ੁਰੂ ਹੋਈ, ਜਦੋਂ ਕਿ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਘਟਨਾ ਤੋਂ ਪਹਿਲਾਂ ਕੁਝ ਨਕਾਬਪੋਸ਼ ਵਿਅਕਤੀਆਂ ਨੇ ਇਕ ਵਿਦਿਆਰਥੀ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਤਣਾਅ ਵਧ ਗਿਆ।
ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਭੁੱਲ ਕੇ ਨਾ ਕਰੋ ਇਹ ਗਲਤੀਆਂ
ਵਿਦਿਆਰਥੀਆਂ ਵੱਲੋਂ ਵੀ. ਸੀ. ਦੀ ਰਿਹਾਇਸ਼ ਦੇ ਬਾਹਰ ਧਰਨਾ
ਜਿਵੇਂ ਹੀ ਹਾਲਾਤ ਵਿਗੜੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ, ਜਿਸ ਕਾਰਨ ਪਥਰਾਅ ਸ਼ੁਰੂ ਹੋ ਗਿਆ। ਪੁਲਸ ਨੇ ਵਿਦਿਆਰਥੀਆਂ ਨੂੰ ਹੋਸਟਲ ’ਚ ਵਾਪਸ ਭਜਾ ਦਿੱਤਾ। ਤਿੰਨ ਪੁਲਸ ਥਾਣਿਆਂ, 10 ਚੌਕੀਆਂ ਤੇ ਪੀ. ਏ. ਸੀ. ਤੋਂ ਹੋਰ ਫੋਰਸ ਮੰਗਵਾਈ ਗਈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਪਰ ਸੀ. ਸੀ. ਟੀ. ਵੀ. ਫੁਟੇਜ ਇਕੱਠੀ ਕੀਤੀ ਜਾ ਰਹੀ ਹੈ। ਤਮਿਲ ਸੰਗਮ ਪ੍ਰੋਗਰਾਮ ਅਧੀਨ ਬੁੱਧਵਾਰ ਇੱਥੇ 216 ਵਿਦਿਆਰਥੀਆਂ ਦਾ ਸਵਾਗਤ ਕੀਤਾ ਜਾਣਾ ਸੀ, ਜਿਸ ਕਾਰਨ ਕੈਂਪਸ ’ਚ ਭਾਰੀ ਸੁਰੱਖਿਆ ਕੀਤੀ ਗਈ ਸੀ। ਸਟੇਸ਼ਨ ਹੈੱਡ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀ ਦੀ ਸ਼ਿਕਾਇਤ ’ਤੇ ਪਥਰਾਅ ਤੇ ਹਮਲੇ ਦੇ ਦੋਸ਼ ਹੇਠ 2 ਨਾਮਜ਼ਦ ਤੇ ਸੈਂਕੜੇ ਅਣਪਛਾਤੇ ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਵੀ - ਮੁੜ ਮਹਿੰਗਾ ਹੋਇਆ Gold-Silver, ਕੀਮਤਾਂ ਨੇ ਤੋੜੇ ਰਿਕਾਰਡ
