ਚੋਣ ਕਮਿਸ਼ਨ ਹਰ ਵਿਧਾਨ ਸਭਾ ਹਲਕੇ ’ਚ ਰੋਜ਼ਾਨਾ 100 ਵੋਟਰਾਂ ਦੀ ਕਰੇਗਾ ਸੁਣਵਾਈ
Sunday, Dec 14, 2025 - 12:16 AM (IST)
ਕੋਲਕਾਤਾ - ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ’ਚ ਵੋਟਰ ਵੈਰੀਫਿਕੇਸ਼ਨ ਅਤੇ ਸੁਣਵਾਈ ਦੀ ਪ੍ਰਕਿਰਿਆ ਤਹਿਤ ਰੋਜ਼ਾਨਾ ਹਰ ਵਿਧਾਨ ਸਭਾ ਹਲਕੇ ’ਚੋਂ ਘੱਟ ਤੋਂ ਘੱਟ 100 ਵੋਟਰਾਂ ਨੂੰ ਸੁਣਵਾਈ ਲਈ ਬੁਲਾਉਣ ਦਾ ਫੈਸਲਾ ਕੀਤਾ ਹੈ। ਇਹ ਸੁਣਵਾਈ ਕਮਿਸ਼ਨ ਵੱਲੋਂ ਨਿਯੁਕਤ ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ਏ. ਈ. ਆਰ. ਓ.) ਕਰਨਗੇ, ਜੋ ਅੰਤਿਮ ਵੋਟਰ ਸੂਚੀ ਜਾਰੀ ਹੋਣ ਤੋਂ ਪਹਿਲਾਂ ਵੋਟਰ ਡਾਟਾ ਦੀ ਜਾਂਚ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ।
ਕਮਿਸ਼ਨ ਨੇ ਇਸ ਮਕਸਦ ਲਈ ਪਹਿਲਾਂ ਹੀ ਹਰੇਕ ਵਿਧਾਨ ਸਭਾ ਹਲਕੇ ’ਚ 10 ਏ. ਈ. ਆਰ. ਓ. ਤਾਇਨਾਤ ਕਰ ਦਿੱਤੇ ਹਨ। ਪੱਛਮੀ ਬੰਗਾਲ ’ਚ 294 ਵਿਧਾਨ ਸਭਾ ਸੀਟਾਂ ਹਨ, ਇਸ ਲਈ ਪੂਰੇ ਸੂਬੇ ’ਚ ਕੁੱਲ 2940 ਏ. ਈ. ਆਰ. ਓ. ਅਜੇ ਕੰਮ ਕਰ ਰਹੇ ਹਨ। ਕਮਿਸ਼ਨ ਇਸ ਤੋਂ ਇਲਾਵਾ 1000 ਤੋਂ 1500 ਹੋਰ ਏ. ਈ. ਆਰ. ਓ. ਦੀ ਨਿਯੁਕਤੀ ਦੀ ਪ੍ਰਕਿਰਿਆ ’ਚ ਹੈ। ਇਨ੍ਹਾਂ ਵਾਧੂ ਅਧਿਕਾਰੀਆਂ ਨੂੰ ਵੀ ਮਾਮਲਿਆਂ ਦੀ ਗਿਣਤੀ ਅਤੇ ਵੈਰੀਫਿਕੇਸ਼ਨ ਦੀ ਰਫ਼ਤਾਰ ਦੇ ਆਧਾਰ ’ਤੇ ਸੁਣਵਾਈ ਕਰਨ ਲਈ ਕੰਮ ’ਤੇ ਲਾਇਆ ਜਾ ਸਕਦਾ ਹੈ। ਕਮਿਸ਼ਨ ਨੇ ਸ਼ੁਰੂ ’ਚ ਹਰ ਦਿਨ ਹਰ ਵਿਧਾਨ ਸਭਾ ਹਲਕੇ ’ਚ ਘੱਟ ਤੋਂ ਘੱਟ 50 ਵੋਟਰਾਂ ਦੀ ਸੁਣਵਾਈ ਕਰਨ ਦੀ ਯੋਜਨਾ ਬਣਾਈ ਸੀ।
