''SIR ''ਚੋਂ ਇਕ ਵੀ ਨਾਂ ਹਟਾਇਆ ਤਾਂ...'' ਮਮਤਾ ਨੇ ਅਮਿਤ ਸ਼ਾਹ ਨੂੰ ਦੱਸਿਆ ''ਖਤਰਨਾਕ''
Thursday, Dec 11, 2025 - 08:10 PM (IST)
ਕ੍ਰਿਸ਼ਨਾਨਗਰ (ਪੱ. ਬੰਗਾਲ), (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਖਤਰਨਾਕ’ ਦੱਸਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਵੋਟਰ ਸੂਚੀ ਦੇ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ਦੌਰਾਨ ਇਕ ਵੀ ਯੋਗ ਵੋਟਰ ਦਾ ਨਾਂ ਸੂਚੀ ’ਚੋਂ ਹਟਾਇਆ ਗਿਆ ਤਾਂ ਉਹ ਧਰਨਾ ਦੇਵੇਗੀ।
ਸ਼ਾਹ ’ਤੇ ਤਿੱਖਾ ਹਮਲਾ ਬੋਲਦੇ ਹੋਏ ਮੁੱਖ ਮੰਤਰੀ ਨੇ ਨਾਦੀਆ ਜ਼ਿਲੇ ਦੇ ਕ੍ਰਿਸ਼ਨਾਨਗਰ ’ਚ ਇਕ ਰੈਲੀ ’ਚ ਕਿਹਾ, ‘‘ਦੇਸ਼ ਦਾ ਗ੍ਰਹਿ ਮੰਤਰੀ ਖਤਰਨਾਕ ਹੈ। ਉਨ੍ਹਾਂ ਦੀਆਂ ਅੱਖਾਂ ’ਚ ਇਹ ਸਾਫ਼ ਦਿਸਦਾ ਹੈ। ਇਕ ਅੱਖ ’ਚ ‘ਦੁਰਯੋਧਨ’ ਦਿਸਦਾ ਹੈ ਅਤੇ ਦੂਜੀ ’ਚ ‘ਦੁਸ਼ਾਸਨ’।’’
ਬੈਨਰਜੀ ਨੇ ਦੋਸ਼ ਲਾਇਆ ਕਿ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐੱਸ. ਆਈ. ਆਰ. ਦੀ ਵਰਤੋਂ ਰਾਜਨੀਤਿਕ ਹਥਿਆਰ ਵਜੋਂ ਕੀਤੀ ਜਾ ਰਹੀ ਹੈ।
ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਅਜੇ ਤੱਕ ਆਪਣਾ ਗਿਣਤੀ ਫਾਰਮ ਨਹੀਂ ਭਰਿਆ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲ ਇਸ਼ਾਰਾ ਕਰਦੇ ਹੋਏ ਕਿਹਾ, ‘‘ਕੀ ਹੁਣ ਮੈਨੂੰ ਦੰਗਾਕਾਰਾਂ ਦੀ ਪਾਰਟੀ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਦੀ ਲੋੜ ਹੈ?’’
ਕੇਂਦਰ ਸਰਕਾਰ ’ਤੇ ਬੰਗਾਲੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਉਂਦੇ ਹੋਏ ਬੈਨਰਜੀ ਨੇ ਕਿਹਾ, ‘‘ਸਾਡੇ ਕੋਲ ਇਕ (ਕੇਂਦਰੀ) ਗ੍ਰਹਿ ਮੰਤਰੀ ਹਨ, ਜੋ ਸਾਰੇ ਬੰਗਾਲੀਆਂ ਨੂੰ ਬੰਗਲਾਦੇਸ਼ੀ ਕਰਾਰ ਦੇ ਕੇ ਉਨ੍ਹਾਂ ਨੂੰ ਡਿਟੈਂਸ਼ਨ ਕੇਂਦਰਾਂ ’ਚ ਭੇਜਣ ਲਈ ਕੁਝ ਵੀ ਕਰ ਸਕਦੇ ਹਨ ਪਰ ਅਸੀਂ ਕਿਸੇ ਨੂੰ ਵੀ ਪੱਛਮੀ ਬੰਗਾਲ ਤੋਂ ਬਾਹਰ ਨਹੀਂ ਕੱਢਣ ਦੇਵਾਂਗੇ। ਜੇਕਰ ਕਿਸੇ ਨੂੰ ਜਬਰਨ ਕੱਢਿਆ ਜਾਂਦਾ ਹੈ ਤਾਂ ਉਸ ਨੂੰ ਵਾਪਸ ਲਿਆਉਣ ਦਾ ਤਰੀਕਾ ਅਸੀ ਬਾਖੂਬੀ ਜਾਣਦੇ ਹਾਂ।’’
