ਅਮਿਤ ਸ਼ਾਹ : ਭਾਰਤ ਦੀ ਰਾਜਨੀਤੀ ਦੇ ਆਧੁਨਿਕ ਚਾਣਕਿਆ
Sunday, May 10, 2026 - 02:57 PM (IST)
ਅੱਜ ਦੀ ਭਾਰਤੀ ਰਾਜਨੀਤੀ 'ਚ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਬਾਅਦ ਕਿਸੇ ਨੇਤਾ ਨੇ ਦੇਸ਼ ਦੇ ਰਾਜਨੀਤਕ ਦ੍ਰਿਸ਼ ਨੂੰ ਸਭ ਤੋਂ ਵੱਧ ਪ੍ਰਭਾਵਿਤ ਅਤੇ ਬਦਲਿਆ ਹੈ ਤਾਂ ਉਹ ਬਿਨਾਂ ਸ਼ੱਕ ਅਮਿਤ ਜੀ ਹਨ। ਅਮਿਤ ਸ਼ਾਹ ਸਿਰਫ਼ ਇਕ ਰਾਜਨੇਤਾ ਨਹੀਂ ਸਗੋਂ ਆਧੁਨਿਕ ਭਾਰਤ ਦੀ ਰਾਜਨੀਤੀ ਦੇ 'ਚਾਣਕਿਆ' ਹਨ। ਉਨ੍ਹਾਂ ਦੀ ਰਾਜਨੀਤੀ ਭਾਸ਼ਣਾਂ ਜਾਂ ਪ੍ਰਚਾਰ ਤੱਕ ਸੀਮਿਤ ਨਹੀਂ ਹੈ ਸਗੋਂ ਸੰਗਠਨ, ਰਣਨੀਤੀ, ਸੂਖਮ ਪੱਧਰ ਦੀ ਯੋਜਨਾ, ਵਰਕਰ ਆਧਾਰਤ ਵਿਸਥਾਰ ਅਤੇ ਰਾਸ਼ਟਰਵਾਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ 'ਤੇ ਆਧਾਰਤ ਹੈ।
ਪੱਛਮੀ ਬੰਗਾਲ 'ਚ ਭਾਜਪਾ ਦਾ ਉਦੈ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ। ਇਕ ਸਮਾਂ ਸੀ ਜਦੋਂ ਪੱਛਮੀ ਬੰਗਾਲ 'ਚ ਭਾਜਪਾ ਦੀ ਮੌਜੂਦਗੀ ਲਗਭਗ ਨਾਮੁਮਕਿਨ ਮੰਨੀ ਜਾਂਦੀ ਸੀ। ਖੱਬੇ ਪੱਖੀ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਵਿਚਾਲੇ ਇਹ ਕਲਪਨਾ ਕਰਨਾ ਵੀ ਕਠਿਨ ਸੀ ਕਿ ਭਾਜਪਾ ਰਾਜ ਦੀ ਮੁੱਖ ਰਾਜਨੀਤਕ ਸ਼ਕਤੀ ਬਣ ਕੇ ਉਭਰੇਗੀ ਪਰ ਅੱਜ ਬੰਗਾਲ ਦੀ ਰਾਜਨੀਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ।
ਇਹ ਤਬਦੀਲੀ ਅਚਾਨਕ ਨਹੀਂ ਆਈ। ਇਸ ਦੇ ਪਿੱਛੇ ਸਾਲਾਂ ਦੀ ਸੰਗਠਨਾਤਮਕ ਮਿਹਨਤ, ਵਿਚਾਰਕ ਸੰਘਰਸ਼ ਅਤੇ ਅਮਿਤ ਸ਼ਾਹ ਦਾ ਦ੍ਰਿਸ਼ਟੀਕੋਣ ਰਹੀ। ਉਨ੍ਹਾਂ ਨੇ ਬੰਗਾਲ ਨੂੰ ਸਿਰਫ਼ ਇਕ ਚੋਣ ਰਾਜ ਨਹੀਂ ਸਗੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਜੀ ਦੀ ਜ਼ਮੀਨ ਵਜੋਂ ਦੇਖਿਆ, ਉਸ ਮਹਾਪੁਰਸ਼ ਦੀ ਜ਼ਮੀਨ, ਜਿਨ੍ਹਾਂ ਨੇ ਭਾਰਤੀ ਜਨ ਸੰਘ ਦੀ ਨੀਂਹ ਰੱਖੀ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਜੀਵਨ ਸਮਰਪਿਤ ਕੀਤਾ।
ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਵੰਡ ਦੇ ਸਮੇਂ ਕੋਲਕਾਤਾ ਨੂੰ ਭਾਰਤ 'ਚ ਬਣਾਏ ਰੱਖਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਅੱਜ ਬੰਗਾਲ ਦੀ ਰਾਸ਼ਟਰਵਾਦੀ ਵਿਚਾਰਧਾਰਾ ਦਾ ਪੁਨਰ-ਉਥਾਨ, ਕਿਤੇ ਨਾ ਕਿਤੇ ਉਸੇ ਵਿਚਾਰਕ ਵਿਰਾਸਤ ਦੀ ਵਾਪਸੀ ਹੈ।
ਅਮਿਤ ਸ਼ਾਹ ਜੀ ਦੀ ਸਭ ਤੋਂ ਵੱਡੀ ਰਾਜਨੀਤਕ ਸ਼ਕਤੀ ਉਨ੍ਹਾਂ ਦੀ ਲੀਡਰਸ਼ਿਪ ਪਛਾਣਨ ਦੀ ਸਮਰੱਥਾ ਹੈ। ਭਾਵੇਂ ਹਿਮੰਤ ਬਿਸਵਾ ਸਰਮਾ ਦੇ ਮਾਧਿਅਮ ਨਾਲ ਆਸਾਮ 'ਚ ਭਾਜਪਾ ਨੂੰ ਮਜ਼ਬੂਤ ਕਰਨਾ ਹੋਵੇ ਜਾਂ ਸੁਵੇਂਦੂ ਅਧਿਕਾਰੀ ਵਰਗੇ ਨੇਤਾਵਾਂ ਨੂੰ ਅੱਗੇ ਲਿਆ ਕੇ ਬੰਗਾਲ 'ਚ ਸੰਗਠਨ ਦਾ ਵਿਸਥਾਰ ਕਰਨਾ, ਉਨ੍ਹਾਂ ਨੇ ਹਰ ਚੁਣੌਤੀ ਨੂੰ ਮੌਕੇ 'ਚ ਬਦਲਿਆ।
ਪਰ ਅਮਿਤ ਸ਼ਾਹ ਜੀ ਦਾ ਯੋਗਦਾਨ ਸਿਰਫ਼ ਚੋਣ ਰਾਜਨੀਤੀ ਤੱਕ ਸੀਮਿਤ ਨਹੀਂ ਹੈ। ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਇਤਿਸਾਹਕ ਫੈਸਲਾ ਲੈਂਦੇ ਹੋਏ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ 'ਚ ਫੈਸਲਾਕੁੰਨ ਭੂਮਿਕਾ ਨਿਭਾਈ। ਦਹਾਕਿਆਂ ਤੱਕ ਦੇਸ਼ ਨੂੰ ਵੱਖਵਾਦ, ਅੱਤਵਾਦ ਅਤੇ ਅਸਥਿਰਤ ਵੱਲ ਧੱਕਣ ਵਾਲੀ ਵਿਵਸਥਾ ਨੂੰ ਖ਼ਤਮ ਕਰ ਕੇ ਉਨ੍ਹਾਂ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਉਸ ਸੰਕਲਪ ਨੂੰ ਪੂਰਾ ਕੀਤਾ- ''ਇਕ ਦੇਸ਼ 'ਚ 2 ਵਿਧਾਨ, 2 ਪ੍ਰਧਾਨ ਅਤੇ 2 ਨਿਸ਼ਾਨ ਨਹੀਂ ਚੱਲਣਗ।''
ਅੱਜ ਜੰਮੂ-ਕਸ਼ਮੀਰ 'ਚ ਵਿਕਾਸ, ਲੋਕਤੰਤਰ ਅਤੇ ਰਾਸ਼ਟਰੀ ਏਕੀਕਰਨ ਦਾ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ। ਇਸ ਤਰ੍ਹਾਂ ਦੇਸ਼ ਨੂੰ ਦਹਾਕਿਆਂ ਤੱਕ ਪ੍ਰਭਾਵਿਤ ਕਰਨ ਵਾਲੇ ਨਕਸਲਵਾਲ ਦੇ ਵਿਰੁੱਧ ਵੀ ਅਮਿਤ ਸ਼ਾਹ ਜੀ ਨੇ ਸਖ਼ਤ ਅਤੇ ਫੈਸਲਾਕੁੰਨ ਰਾਜਨੀਤੀ ਅਪਣਾਈ। ਸੁਰੱਖਿਆ ਫ਼ੋਰਸਾਂ ਦੀ ਸਮਰੱਥਾ ਵਧਾਉਣ, ਵਿਕਾਸ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਅਤੇ ਰਾਸ਼ਟਰਵਿਰੋਧੀ ਹਿੰਸਾ ਦੇ ਨੈੱਟਵਰਕ ਨੂੰ ਤੋੜਨ ਕਾਰਨ ਅੱਜ ਨਕਸਲਵਾਦ ਆਪਣੇ ਅੰਤਿਮ ਪੜਾਅ 'ਚ ਪਹੁੰਚ ਚੁੱਕਿਆ ਹੈ। ਜਿਹੜੇ ਖੇਤਰਾਂ 'ਚ ਕਦੇ ਲਾਲ ਅੱਤਵਾਦ ਦਾ ਪ੍ਰਭਾਵ ਸੀ, ਉੱਥੇ ਹੁਣ ਵਿਕਾਸ, ਸੜਕ, ਸਿੱਖਿਆ ਅਤੇ ਲੋਕਤੰਤਰ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਭਾਜਪਾ ਦੇ ਵਿਰੋਧੀ ਹਮੇਸ਼ਾ ਪਾਰਟੀ 'ਤੇ ਰਾਜਨੀਤਕ ਵਿਸਥਾਰਵਾਦ ਦੇ ਦੋਸ਼ ਲਗਾਉਂਦੇ ਹਨ ਪਰ ਸੱਚਾਈ ਇਹ ਹੈ ਕਿ ਕਈ ਨੇਤਾ ਇਸ ਲਈ ਭਾਜਪਾ ਨਾਲ ਜੁੜੇ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਅਮਿਤ ਸ਼ਾਹ ਦੀ ਕਾਰਜਸ਼ੈਲੀ 'ਚ ਸਪੱਸ਼ਟ ਦ੍ਰਿਸ਼ਟੀ, ਫੈਸਲਾਕੁੰਨ ਲੀਡਰਸ਼ਿਪ ਅਤੇ ਰਾਸ਼ਟਰਹਿੱਤ ਨੂੰ ਤਰਜੀਹ ਦੇਣ ਵਾਲੀ ਰਾਜਨੀਤੀ ਦਿਖਾਈ ਦਿੱਤੀ।
ਅਮਿਤ ਸ਼ਾਹ ਜੀ ਨੇ ਵਿਚਾਰਿਕ ਵਚਨਬੱਧਤਾ ਅਤੇ ਵਿਵਹਾਰਿਕ ਰਾਜਨੀਤੀ ਵਿਚਾਲੇ ਅਦਭੁੱਤ ਸੰਤੁਲਨ ਸਥਾਪਤ ਕੀਤਾ ਹੈ। ਉਨ੍ਹਾਂ ਦੀ ਰਾਜਨੀਤੀ ਪ੍ਰਕਿਰਿਆਵਾਦੀ ਨਹੀਂ ਸਗੋਂ ਲੰਬੇ ਸਮੇਂ ਦੀ ਰਾਜਨੀਤੀ, ਸੰਗਠਨਾਤਮਕ ਮਜ਼ਬੂਤੀ ਅਤੇ ਲਗਾਤਾਰ ਜਨਸੰਪਰਕ 'ਤੇ ਆਧਾਰਤ ਹੈ। ਉਹ ਸਿਰਫ਼ ਚੋਣਾਂ ਨਹੀਂ ਲੜਦੇ ਸਗੋਂ ਰਾਜਨੀਤਕ ਭੂਗੋਲ ਬਦਲਣ ਦੀ ਸਮਰੱਥਾ ਰੱਖਦੇ ਹਨ। ਪੂਰਬ-ਉੱਤਰ ਤੋਂ ਲੈ ਕੇ ਪੂਰਬੀ ਭਾਰਤ ਤੱਕ ਭਾਰਤ ਦਾ ਵਿਸਥਾਰ ਇਸ ਗੱਲ ਦਾ ਸਬੂਤ ਹੈ ਕਿ ਮਜ਼ਬੂਤ ਸੰਗਠਨ, ਸਪੱਸ਼ਟ ਵਿਚਾਰਧਾਰਾ ਅਤੇ ਪ੍ਰਭਾਵੀ ਲੀਡਰਸ਼ਿਪ ਦੇ ਮਾਧਿਅਮ ਨਾਲ ਅਸੰਭਵ ਦਿੱਸਣ ਵਾਲੇ ਟੀਚੇ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਅੱਜ ਅਮਿਤ ਸ਼ਾਹ ਜੀ ਸਿਰਫ਼ ਭਾਜਪਾ ਦੇ ਰਣਨੀਤੀਕਾਰ ਨਹੀਂ ਸਗੋਂ ਆਧੁਨਿਕ ਭਾਰਤ ਦੀ ਰਾਜਨੀਤੀ ਦੇ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ 'ਚੋਂ ਇਕ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿੱਥੇ ਦੇਸ਼ ਦੇ ਜਨਨੇਤਾ ਹਨ, ਉੱਥੇ ਹੀ ਅਮਿਤ ਸ਼ਾਹ ਜੀ ਉਸ ਰਾਜਨੀਤਕ ਅਤੇ ਸੰਗਠਨਾਤਮਕ ਢਾਂਚੇ ਦੇ ਨਿਰਮਾਤਾ ਹਨ, ਜਿਸ ਨੇ ਭਾਜਪਾ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਬਣਾਇਆ ਹੈ। ਇਤਿਹਾਸ ਸਿਰਫ਼ ਸਰਕਾਰ ਚਲਾਉਣ ਵਾਲਿਆਂ ਨੂੰ ਨਹੀਂ ਸਗੋਂ ਰਾਜਨੀਤਕ ਯੁੱਗ ਨਿਰਮਾਣ ਕਰਨ ਵਾਲਿਆਂ ਨੂੰ ਯਾਦ ਰੱਖਦਾ ਹੈ ਅਤੇ ਅਮਿਤ ਸ਼ਾਹ ਜੀ ਬਿਨਾਂ ਸ਼ੱਕ ਅਜਿਹੇ ਹੀ ਨੇਤਾਵਾਂ 'ਚ ਸ਼ਾਮਲ ਹਨ।
ਆਰ.ਪੀ. ਸਿੰਘ, ਰਾਸ਼ਟਰੀ ਬੁਲਾਰੇ, ਭਾਜਪਾ
