ਬੇਹੱਦ ਗੰਭੀਰ ਦੌਰ ’ਚੋਂ ਲੰਘ ਰਿਹਾ ਭਾਰਤ ਦਾ ਸਿਹਤ ਖੇਤਰ

Friday, Jun 26, 2026 - 05:25 PM (IST)

ਬੇਹੱਦ ਗੰਭੀਰ ਦੌਰ ’ਚੋਂ ਲੰਘ ਰਿਹਾ ਭਾਰਤ ਦਾ ਸਿਹਤ ਖੇਤਰ

ਜਦੋਂ ਸ਼ਾਸਕ ਅਤੇ ਪ੍ਰਸ਼ਾਸਕ ਆਪਣੇ ਅਧਿਕਾਰ ਖੇਤਰ ’ਚ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਖੂਬਸੂਰਤ ਤਰੀਕੇ ਨਾਲ ਅੰਜਾਮ ਦੇਣ ਦੀ ਬਜਾਏ ਨਿੱਜੀ ਹਿੱਤਾਂ ਦੀ ਦਲਦਲ ’ਚ ਫਸਦੇ ਜਾਣ; ਧਾਰਮਿਕ ਸਥਾਨਾਂ ’ਚ ਸੰਸਕ੍ਰਿਤੀ ਦੇ ਉੱਚ ਕੋਟੀ ਦੇ ਆਦਰਸ਼ਾਂ ਅਤੇ ਮਨੁੱਖਤਾਵਾਦੀ ਸੰਦੇਸ਼ਾਂ ਦੇ ਪ੍ਰਚਾਰ-ਪ੍ਰਸਾਰ ਦੀ ਥਾਂ ’ਤੇ ਸਿਰਫ ਮੱਥਾ ਟੇਕਣਾ, ਚੜ੍ਹਾਵਾ ਇਕੱਠਾ ਕਰਨਾ ਅਤੇ ਪ੍ਰਸ਼ਾਦ ਖਾਣ ਤੱਕ ਸੀਮਤ ਹੋ ਜਾਣ; ਜੱਜ ਮਾਮੂਲੀ ਫੈਸਲੇ ਕਰਨ ’ਚ 20 ਤੋਂ 25 ਸਾਲ ਲਗਾ ਦੇਣ, ਜਿਸ ਨਾਲ ਫਰਿਆਦੀ ਦੀ ਖੂਨ-ਪਸੀਨੇ ਦੀ ਕਮਾਈ ਅਤੇ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੋਵੇ ਅਤੇ ਰੱਬ ਦਾ ਰੂਪ ਮੰਨੇ ਜਾਣ ਵਾਲੇ ਡਾਕਟਰ ਇਲਾਜ ਦੇ ਨਾਂ ’ਤੇ ਆਪਣੇ ਮਰੀਜ਼ਾਂ ਦੀ ਨਾਦਰਸ਼ਾਹ ਵਾਂਗ ਲੁੱਟ-ਖਸੁੱਟ ’ਚ ਲੱਗ ਜਾਣ ਤਾਂ ਸਮਝ ਲਓ ਕਿ ਸਮਾਜ ਪਤਨ ਦੀ ਡੂੰਘੀ ਖੱਡ ਵੱਲ ਵਧ ਰਿਹਾ ਹੈ। ਇਨ੍ਹਾਂ ਹਾਲਾਤ ’ਚ ਲੋਕ ਨਿਰਾਸ਼, ਮਾਯੂਸ ਅਤੇ ਸਹਿਮੇ ਹੋਏ ਨਜ਼ਰ ਆਉਣ ਲੱਗਦੇ ਹਨ।

ਸਿਹਤ ਖੇਤਰ ’ਚ ਚੱਲ ਰਹੇ ਲੁੱਟ-ਖਸੁੱਟ ਦੇ ਗੋਰਖਧੰਦੇ ਨੂੰ ਬੇਪਰਦ ਕਰਨ ਨਾਲ ਅਸਲੀਅਤ ਦਾ ਪਤਾ ਲੱਗ ਸਕਦਾ ਹੈ। ਭਾਰਤ ’ਚ 24 ਹਜ਼ਾਰ ਸਰਕਾਰੀ ਅਤੇ 44 ਹਜ਼ਾਰ ਦੇ ਕਰੀਬ ਪ੍ਰਾਈਵੇਟ ਹਸਪਤਾਲ ਹਨ। 2 ਲੱਖ ਲੈਬਾਂ ਹਨ ਪਰ ਪ੍ਰਮਾਣਿਤ ਸਿਰਫ 1000 ਹੀ ਹਨ। ਦੇਸ਼ ’ਚ ਐਲੋਪੈਥੀ ਦੇ 13.86 ਲੱਖ ਡਾਕਟਰ ਹਨ ਅਤੇ 7.51 ਲੱਖ ਡਾਕਟਰ ਹਨ। ਹਰ ਸਾਲ 1.20 ਲੱਖ ਡਾਕਟਰ ਸੇਵਾ ਨੂੰ ਸਮਰਪਿਤ ਹੁੰਦੇ ਹਨ ਅਤੇ 50 ਹਜ਼ਾਰ ਆਯੁਸ਼ ਡਾਕਟਰ ਬਣਦੇ ਹਨ। ਦੇਸ਼ ’ਚ 10 ਤੋਂ 15 ਫੀਸਦੀ ਲੋਕ ਸਾਧਨ ਸੰਪੰਨ ਹਨ, ਜੋ ਕਿਸੇ ਵੀ ਸਮੇਂ ਆਪਣੀ ਲੋੜ ਮੁਤਾਬਕ ਚੀਜ਼ਾਂ ਖਰੀਦਣ ਦੇ ਸਮਰੱਥ ਹਨ, ਜਦੋਂ ਕਿ ਬਾਕੀ ਮੱਧਵਰਗ ਅਤੇ ਗਰੀਬ ਹਨ, ਜੋ ਇਲਾਜ ਕਰਾਉਣ ’ਚ ਵੀ ਅਸਮਰੱਥ ਹਨ। ਅਸਲੀਅਤ ’ਚ ਇਹ ਇਕ ਖ਼ਤਰਨਾਕ ਸਥਿਤੀ ਹੈ।

ਦੇਸ਼ ’ਚ ਕੁਝ ਭਰੋਸੇਯੋਗ ਏਜੰਸੀਆਂ ਨੇ ਕਈ ਵੱਡੇ ਹਸਪਤਾਲਾਂ ’ਚ ਲੁੱਟ-ਖਸੁੱਟ ਦੀ ਖੋਜ ਰਿਪੋਰਟ ਨੂੰ ਸੰਸਦ ਦੀ ਸੰਸਦੀ ਕਮੇਟੀ ਅੱਗੇ ਰੱਖਿਆ, ਜਿਸ ਨੇ ਅਧਿਐਨ ਤੋਂ ਬਾਅਦ ਇਸ ਨੂੰ ਸਵੀਕਾਰ ਕੀਤਾ ਹੈ। ਇਸ ਰਿਪੋਰਟ ਅਨੁਸਾਰ ਦੇਸ਼ ’ਚ ਲੱਗਭਗ 44 ਫੀਸਦੀ ਸਰਜਰੀਆਂ ਫਰਜ਼ੀ, ਧੋਖਾਦੇਹੀਪੂਰਨ ਅਤੇ ਪੂਰੀ ਤਰ੍ਹਾਂ ਗੈਰ-ਜ਼ਰੂਰੀ ਹੁੰਦੀਆਂ ਹਨ। ਇਸ ਅੱਖਾਂ ਖੋਲ੍ਹਣ ਵਾਲੇ ਤੱਥ ਤੋਂ ਸਪੱਸ਼ਟ ਹੈ ਕਿ ਲੱਗਭਗ ਅੱਧੇ ਆਪ੍ਰੇਸ਼ਨ ਸਿਰਫ ਮਰੀਜ਼ਾਂ ਜਾਂ ਸਰਕਾਰ ਨੂੰ ਲੁੱਟਣ ਦੇ ਮਕਸਦ ਨਾਲ ਕੀਤੇ ਜਾਂਦੇ ਹਨ। 55 ਫੀਸਦੀ ਦਿਲ ਦੀ ਸਰਜਰੀ, 48 ਫੀਸਦੀ ਬੱਚੇਦਾਨੀ ਕੱਢਣਾ, 47 ਫੀਸਦੀ ਕੈਂਸਰ ਸਰਜਰੀ, 48 ਫੀਸਦੀ ਗੋਡੇ ਬਦਲਣੇ, 45 ਫੀਸਦੀ ਸੀ-ਸੈਕਸ਼ਨ, ਮੋਢੇ ਬਦਲਣੇ, ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਫਰਜ਼ੀ ਅਤੇ ਗੈਰ-ਜ਼ਰੂਰੀ ਹੁੰਦੇ ਹਨ।

ਮਹਾਰਾਸ਼ਟਰ ਦੇ ਕਈ ਨਾਮੀ ਹਸਪਤਾਲਾਂ ’ਚ ਕੀਤੇ ਗਏ ਸਰਵੇਖਣ ਅਨੁਸਾਰ, ਸੀਨੀਅਰ ਡਾਕਟਰਾਂ ਨੂੰ 1-1 ਕਰੋੜ ਰੁਪਏ ਮਾਸਿਕ ਤਨਖਾਹ ਅਤੇ ਮਹਿੰਗੀਆਂ ਗੱਡੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਕ ਗਰੀਬ ਦੇਸ਼ ’ਚ ਇੰਨੀ ਜ਼ਿਆਦਾ ਤਨਖਾਹ ਨਾ ਤਾਂ ਮਹਿੰਗਾਈ ਦੇ ਸੂਚਕ ਅੰਕ ਦੇ ਅਨੁਸਾਰ ਹੈ ਅਤੇ ਨਾ ਹੀ ਤਰਕਸੰਗਤ। ਅਸਲੀਅਤ ’ਚ ਇਹ ਇਕ ਬਹੁਤ ਵੱਡਾ ਲਾਲਚ ਹੈ ਤਾਂ ਜੋ ਡਾਕਟਰ ਮਰੀਜ਼ਾਂ ਦੇ ਇਲਾਜ ਦੇ ਨਾਂ ’ਤੇ ਵੱਧ ਤੋਂ ਵੱਧ ਧਨ ਇਕੱਠਾ ਕਰ ਸਕਣ। ਕਈ ਹਸਪਤਾਲਾਂ ’ਚ ਮ੍ਰਿਤਕ ਮਰੀਜ਼ਾਂ ਨੂੰ ਜ਼ਿੰਦਾ ਦਿਖਾ ਕੇ ਧਨ ਇਕੱਠਾ ਕੀਤਾ ਜਾਂਦਾ ਹੈ। ਇਹ ਇਕ ਬਹੁਤ ਹੈਰਾਨੀਜਨਕ, ਅਫ਼ਸੋਸਨਾਕ ਅਤੇ ਦੁਖਦਾਈ ਕਾਰਾ ਹੈ। ਕਈ ਵਾਰ ਮ੍ਰਿਤਕ ਮਰੀਜ਼ ਨੂੰ ਜ਼ਿੰਦਾ ਦੱਸ ਕੇ ਲੰਬੇ ਸਮੇਂ ਤੱਕ ਹਸਪਤਾਲ ’ਚ ਰੱਖਿਆ ਜਾਂਦਾ ਹੈ ਅਤੇ ਮੋਟੀ ਰਕਮ ਵਸੂਲ ਕੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ। 

ਕਈ ਵਾਰ ਡਾਕਟਰ ਮ੍ਰਿਤਕ ਮਰੀਜ਼ਾਂ ਨੂੰ ਆਪ੍ਰੇਸ਼ਨ ਥੀਏਟਰ ’ਚ ਲੈ ਜਾਂਦੇ ਹਨ ਅਤੇ ਪਰਿਵਾਰ ਤੋਂ ਧਨ ਵਸੂਲ ਕਰ ਕੇ ਮ੍ਰਿਤਕ ਐਲਾਨ ਦਿੰਦੇ ਹਨ। ਭਾਰਤ ’ਚ 68 ਫੀਸਦੀ ਲੋਕਾਂ ਕੋਲ ਸਿਹਤ ਬੀਮਾ ਹੈ। ਬੀਮਾ ਕੰਪਨੀਆਂ ਕੁਝ ਹਿੱਸਾ ਭੁਗਤਾਨ ਕਰਦੀਆਂ ਹਨ, ਜਦੋਂ ਕਿ ਬਾਕੀ ਰਕਮ ਪਰਿਵਾਰ ਵਾਲਿਆਂ ਨੂੰ ਦੇਣੀ ਪੈਂਦੀ ਹੈ। ਹੁਣ ਤੱਕ 3 ਹਜ਼ਾਰ ਹਸਪਤਾਲ ਬੀਮਾ ਕੰਪਨੀਆਂ ਦੁਆਰਾ ਫਰਜ਼ੀ ਦਾਅਵਿਆਂ ਕਾਰਨ ਬਲੈਕਲਿਸਟ ਕੀਤੇ ਜਾ ਚੁੱਕੇ ਹਨ। ਕਈ ਵਾਰ ਮਨੁੱਖੀ ਅੰਗ ਸਮੱਗਲਿੰਗ ਦੇ ਵੀ ਕੇਸ ਸਾਹਮਣੇ ਆਏ ਹਨ, ਜਿਸ ’ਤੇ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ।

ਰਿਪੋਰਟ ’ਚ ਇਹ ਵੀ ਸਪੱਸ਼ਟ ਹੋਇਆ ਹੈ ਕਿ ਕੁਝ ਡਾਕਟਰ ਮਰੀਜ਼ ਨੂੰ ਗੰਭੀਰ ਰੋਗ ਦੱਸ ਕੇ ਵੱਡੇ ਹਸਪਤਾਲਾਂ ’ਚ ਰੈਫਰ ਕਰਦੇ ਹਨ ਅਤੇ ਉਨ੍ਹਾਂ ਤੋਂ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਕਮਿਸ਼ਨ ਵਸੂਲ ਕਰਦੇ ਹਨ। ਡਾਇਗਨੋਸ ਦਾ ਧੰਦਾ ਅਰਬਾਂ ’ਚ ਜਾਂਦਾ ਹੈ। ਬੈਂਗਲੁਰੂ ’ਚ ਇਨਕਮ ਟੈਕਸ ਵਿਭਾਗ ਨੇ ਇਕ ਲੈਬ ਤੋਂ 100 ਕਰੋੜ ਰੁਪਏ ਨਕਦ ਅਤੇ 3.5 ਕਿੱਲੋ ਸੋਨਾ ਬਰਾਮਦ ਕੀਤਾ, ਜੋ ਡਾਕਟਰਾਂ ਨੂੰ ਰਿਸ਼ਵਤ ਦੇਣ ਲਈ ਰੱਖਿਆ ਗਿਆ ਸੀ। ਦੇਸ਼ ਦੀਆਂ 20 ਤੋਂ 25 ਦਵਾਈ ਕੰਪਨੀਆਂ ਹਰ ਸਾਲ ਡਾਕਟਰਾਂ ’ਤੇ 1000 ਕਰੋੜ ਰੁਪਏ ਖਰਚ ਕਰਦੀਆਂ ਹਨ ਅਤੇ ਕਈ ਕੰਪਨੀਆਂ ਡਾਕਟਰਾਂ ਨੂੰ ਵਿਦੇਸ਼ ਯਾਤਰਾ ’ਤੇ ਵੀ ਭੇਜਦੀਆਂ ਹਨ। ਕਈ ਕੰਪਨੀਆਂ ਹਸਪਤਾਲਾਂ ਨੂੰ ਸਸਤੀਆਂ ਦਵਾਈਆਂ ਦਿੰਦੀਆਂ ਹਨ, ਜਦੋਂ ਕਿ ਹਸਪਤਾਲ ਮਰੀਜ਼ਾਂ ਨੂੰ ਉਹੀ ਦਵਾਈਆਂ ਮਹਿੰਗੀਆਂ ਕੀਮਤਾਂ ’ਤੇ ਵੇਚਦਾ ਹੈ। ਕਈ ਹਸਪਤਾਲਾਂ ’ਚ ਸਾਬਕਾ ਫੌਜੀਆਂ ਨੂੰ ਮਾਮੂਲੀ ਬੀਮਾਰੀ ’ਤੇ ਭਰਤੀ ਕੀਤਾ ਜਾਂਦਾ ਹੈ ਅਤੇ ਨਕਲੀ ਇਲਾਜ ਦਿਖਾ ਕੇ ਸਰਕਾਰੀ ਯੋਜਨਾਵਾਂ ਦਾ ਨਾਜਾਇਜ਼ ਫਾਇਦਾ ਉਠਾਇਆ ਜਾਂਦਾ ਹੈ।

ਭਾਰਤ ਦਾ ਸਿਹਤ ਖੇਤਰ ਬਹੁਤ ਗੰਭੀਰ ਦੌਰ ਵਿਚੋਂ ਲੰਘ ਰਿਹਾ ਹੈ। ਮਹਿੰਗਾ ਇਲਾਜ ਆਮ ਲੋਕਾਂ ਲਈ ਚਿੰਤਾਜਨਕ ਅਤੇ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਸਰਕਾਰ ਨੂੰ ਹਸਪਤਾਲਾਂ ’ਚ ਹੋ ਰਹੀ ਧੋਖਾਦੇਹੀ ਅਤੇ ਮਹਿੰਗੇ ਇਲਾਜ ’ਤੇ ਕੰਟਰੋਲ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਲੋਕ ਆਸਾਨੀ ਨਾਲ ਇਲਾਜ ਕਰਵਾ ਸਕਣ ਅਤੇ ਮੈਡੀਕਲ ਕੌਂਸਲ ਆਫ਼ ਇੰਡੀਆ ਦੁਆਰਾ ਕੀਤੀਆਂ ਗਈਆਂ ਸਿਫ਼ਾਰਸ਼ਾਂ ਨੂੰ ਸਭ ਹਸਪਤਾਲਾਂ ’ਚ ਬਿਨਾਂ ਰੁਕਾਵਟ ਲਾਗੂ ਕੀਤਾ ਜਾਵੇ।

-ਪ੍ਰੋ. ਦਰਬਾਰੀ ਲਾਲ
(ਸਾਬਕਾ ਡਿਪਟੀ ਸਪੀਕਰ, ਪੰਜਾਬ)


author

Harpreet SIngh

Content Editor

Related News