ਪੇਪਟਾਈਡਸ ਟੀਕੇ ਦੇ ਵਧਦੇ ਕ੍ਰੇਜ਼ ਕਾਰਨ ਕਮਾਈ ਦੀ ਦੌੜ ’ਚ ਕੰਪਨੀਆਂ?
Saturday, Jul 04, 2026 - 05:58 PM (IST)
ਅਮਰੀਕਾ ’ਚ ਪੇਪਟਾਈਡਸ ਨਾਂ ਦੇ ਟੀਕੇ ’ਤੇ ਆਧਾਰਿਤ ਦਵਾਈਆਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਇਨ੍ਹਾਂ ਦਵਾਈਆਂ ਨੂੰ ਵਜ਼ਨ ਘਟਾਉਣ, ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ, ਚਮੜੀ ਨੂੰ ਜਵਾਨ ਬਣਾਈ ਰੱਖਣ, ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਅਤੇ ਸਮੁੱਚੀ ਸਿਹਤ ਸੁਧਾਰਨ ਦੇ ਦਾਅਵਿਆਂ ਨਾਲ ਪ੍ਰਚਾਰਿਆ ਜਾ ਰਿਹਾ ਹੈ। ਇਸ ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਡਾਕਟਰ, ਟੈਲੀਹੈਲਥ ਕੰਪਨੀਆਂ, ਮੈਡੀਕਲ ਕਲੀਨਿਕ ਅਤੇ ਵੱਡੇ ਨਿਵੇਸ਼ਕ ਇਸ ਖੇਤਰ ’ਚ ਭਾਰੀ ਨਿਵੇਸ਼ ਕਰ ਰਹੇ ਹਨ ਅਤੇ ਇਸ ਤੋਂ ਅਰਬਾਂ ਡਾਲਰ ਦਾ ਕਾਰੋਬਾਰ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲਾਂਕਿ, ਇਸ ਪੂਰੇ ਬਾਜ਼ਾਰ ਦਾ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਜਿਨ੍ਹਾਂ ਪੇਪਟਾਈਡਸ ਦੀ ਸਭ ਤੋਂ ਵੱਧ ਵਿਕਰੀ ਹੋ ਰਹੀ ਹੈ, ਉਨ੍ਹਾਂ ’ਚੋਂ ਬਹੁਤਿਆਂ ਨੂੰ ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਤੋਂ ਪੂਰੀ ਮਨਜ਼ੂਰੀ ਪ੍ਰਾਪਤ ਨਹੀਂ ਹੈ। ਭਾਵ ਇਨ੍ਹਾਂ ਦਵਾਈਆਂ ਦੀ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਸੰਭਾਵਿਤ ਬੁਰੇ ਪ੍ਰਭਾਵਾਂ ’ਤੇ ਅਜੇ ਲੋੜੀਂਦੇ ਵਿਗਿਆਨਕ ਸਬੂਤ ਉਪਲਬਧ ਨਹੀਂ ਹਨ। ਇਸ ਦੇ ਬਾਵਜੂਦ ਇਨ੍ਹਾਂ ਦੀ ਮੰਗ ਲਗਾਤਾਰ ਵਧ ਰਹੀ ਹੈ।
ਕਈ ਡਾਕਟਰ ਅਤੇ ਨਿੱਜੀ ਕਲੀਨਿਕ ਸਿੱਧੇ ਮਰੀਜ਼ਾਂ ਨੂੰ ਪੇਪਟਾਈਡਸ ਵੇਚ ਰਹੇ ਹਨ। ਕੁਝ ਸੰਸਥਾਵਾਂ ਇਨ੍ਹਾਂ ਨੂੰ ਸਿਹਤ ਸੁਧਾਰ ਅਤੇ ਲੰਮੀ ਉਮਰ ਦਾ ਸਾਧਨ ਦੱਸ ਕੇ ਪ੍ਰਚਾਰ ਰਹੀਆਂ ਹਨ। ਦੂਜੇ ਪਾਸੇ, ਕਈ ਟੈਲੀਹੈਲਥ ਕੰਪਨੀਆਂ ਆਨਲਾਈਨ ਕੰਸਲਟੇਸ਼ਨ ਰਾਹੀਂ ਇਨ੍ਹਾਂ ਦਵਾਈਆਂ ਨੂੰ ਲੋਕਾਂ ਤੱਕ ਪਹੁੰਚਾ ਰਹੀਆਂ ਹਨ। ਇਸ ਨਾਲ ਇਹ ਕਾਰੋਬਾਰ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ।
ਹਾਲ ਹੀ ਦੇ ਸਾਲਾਂ ’ਚ ਕਈ ਵੱਡੀਆਂ ਕੰਪਨੀਆਂ ਨੇ ਇਸ ਖੇਤਰ ’ਚ ਨਿਵੇਸ਼ ਕੀਤਾ ਹੈ। ਨਵੀਆਂ ਉਤਪਾਦਨ ਇਕਾਈਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਅਤੇ ਦਵਾਈਆਂ ਤਿਆਰ ਕਰਨ ਵਾਲੀਆਂ ਕੰਪਾਊਂਡਿੰਗ ਫਾਰਮੇਸੀਆਂ ਨੂੰ ਹਾਸਲ ਕੀਤਾ ਜਾ ਰਿਹਾ ਹੈ। ਇਨ੍ਹਾਂ ਕਦਮਾਂ ਦਾ ਉਦੇਸ਼ ਭਵਿੱਖ ’ਚ ਵਧਣ ਵਾਲੀ ਮੰਗ ਨੂੰ ਪੂਰਾ ਕਰਨਾ ਅਤੇ ਬਾਜ਼ਾਰ ’ਤੇ ਮਜ਼ਬੂਤ ਪਕੜ ਬਣਾਉਣਾ ਹੈ।
ਪਰ ਮੈਡੀਕਲ ਐਕਸਪਰਟਸ ਇਸ ਸਥਿਤੀ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦਵਾਈਆਂ ਦਾ ਲੋੜੀਂਦਾ ਵਿਗਿਆਨਕ ਪ੍ਰੀਖਣ ਨਹੀਂ ਹੋਇਆ ਹੈ, ਉਨ੍ਹਾਂ ਨੂੰ ਆਮ ਜਨਤਾ ਤੱਕ ਪਹੁੰਚਾਉਣਾ ਸਿਹਤ ਲਈ ਜੋਖਮ ਭਰਿਆ ਹੋ ਸਕਦਾ ਹੈ। ਕੁਝ ਮਾਹਿਰਾਂ ਅਨੁਸਾਰ ਇਨ੍ਹਾਂ ਦਵਾਈਆਂ ਦੇ ਸੰਭਾਵਿਤ ਬੁਰੇ ਪ੍ਰਭਾਵ ਲੰਮੇ ਸਮੇਂ ਬਾਅਦ ਸਾਹਮਣੇ ਆ ਸਕਦੇ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ’ਚ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ।
ਅਮਰੀਕਾ ਦੀਆਂ ਕਈ ਮੈਡੀਕਲ ਰੈਗੂਲੇਟਰੀ ਸੰਸਥਾਵਾਂ ਨੇ ਡਾਕਟਰਾਂ ਅਤੇ ਕਲੀਨਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਬਿਨਾਂ ਪੁਖ਼ਤਾ ਸਬੂਤਾਂ ਦੇ ਪੇਪਟਾਈਡਸ ਦਾ ਪ੍ਰਚਾਰ ਅਤੇ ਵਰਤੋਂ ਉਚਿਤ ਨਹੀਂ ਹੈ। ਕੁਝ ਸੂਬਿਆਂ ਦੇ ਮੈਡੀਕਲ ਬੋਰਡਾਂ ਨੇ ਅਜਿਹੇ ਮਾਮਲਿਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ, ਜਿੱਥੇ ਡਾਕਟਰ ਇਨ੍ਹਾਂ ਉਤਪਾਦਾਂ ਦਾ ਬਹੁਤ ਜ਼ਿਆਦਾ ਪ੍ਰਚਾਰ ਕਰ ਰਹੇ ਹਨ ਜਾਂ ਮਰੀਜ਼ਾਂ ਨੂੰ ਬਿਨਾਂ ਵਜ੍ਹਾ ਇਨ੍ਹਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰ ਰਹੇ ਹਨ।
ਐੱਫ. ਡੀ. ਏ. ਵੀ ਇਸ ਪੂਰੇ ਖੇਤਰ ’ਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਹੈ। ਏਜੰਸੀ ਸਮੇਂ-ਸਮੇਂ ’ਤੇ ਇਹ ਤੈਅ ਕਰਦੀ ਹੈ ਕਿ ਕਿਹੜੇ ਪੇਪਟਾਈਡਸ ਕੰਪਾਊਂਡਿੰਗ ਫਾਰਮੇਸੀਆਂ ਦੁਆਰਾ ਬਣਾਏ ਜਾ ਸਕਦੇ ਹਨ ਅਤੇ ਕਿਨ੍ਹਾਂ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਜੇਕਰ ਕਿਸੇ ਪੇਪਟਾਈਡ ਨੂੰ ਪਾਬੰਦੀਸ਼ੁਦਾ ਸੂਚੀ ’ਚ ਪਾ ਦਿੱਤਾ ਜਾਂਦਾ ਹੈ, ਤਾਂ ਉਸ ਦਾ ਉਤਪਾਦਨ ਅਤੇ ਵਿਕਰੀ ਕਾਫ਼ੀ ਸੀਮਤ ਹੋ ਜਾਂਦੀ ਹੈ। ਇਸ ਨਾਲ ਇਸ ਉਦਯੋਗ ਦੀਆਂ ਕਈ ਕੰਪਨੀਆਂ ਦੇ ਕਾਰੋਬਾਰ ’ਤੇ ਸਿੱਧਾ ਅਸਰ ਪੈ ਸਕਦਾ ਹੈ।
ਇਸ ਦੇ ਬਾਵਜੂਦ ਉੱਦਮੀਆਂ ਦਾ ਮੰਨਣਾ ਹੈ ਕਿ ਭਵਿੱਖ ’ਚ ਪੇਪਟਾਈਡਸ ਦਾ ਬਾਜ਼ਾਰ ਹੋਰ ਵਧੇਰੇ ਵਧੇਗਾ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇਕਰ ਵਿਗਿਆਨਕ ਖੋਜਾਂ ਇਨ੍ਹਾਂ ਦਵਾਈਆਂ ਦੇ ਲਾਭਾਂ ਦੀ ਪੁਸ਼ਟੀ ਕਰਦੀਆਂ ਹਨ ਅਤੇ ਰੈਗੂਲੇਟਰੀ ਸੰਸਥਾਵਾਂ ਤੋਂ ਮਨਜ਼ੂਰੀ ਮਿਲਦੀ ਹੈ, ਤਾਂ ਇਹ ਉਦਯੋਗ ਕਈ ਅਰਬ ਡਾਲਰ ਦਾ ਰੂਪ ਲੈ ਸਕਦਾ ਹੈ। ਇਸੇ ਉਮੀਦ ’ਚ ਨਿਵੇਸ਼ਕ ਹੁਣੇ ਤੋਂ ਇਸ ਖੇਤਰ ’ਚ ਵੱਡੀ ਮਾਤਰਾ ’ਚ ਪੂੰਜੀ ਲਗਾ ਰਹੇ ਹਨ।
ਕੁਝ ਖ਼ਾਸ ਪੇਪਟਾਈਡਸ ਦੀ ਵਰਤੋਂ ਚਮੜੀ ਦੀ ਸੁੰਦਰਤਾ, ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਅਤੇ ਸਰੀਰ ਦੀ ਮੁਰੰਮਤ ਦੀ ਸਮਰੱਥਾ ਵਧਾਉਣ ਦੇ ਦਾਅਵਿਆਂ ਨਾਲ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਇਨ੍ਹਾਂ ਉਤਪਾਦਾਂ ਦਾ ਵਿਆਪਕ ਪ੍ਰਚਾਰ ਕੀਤਾ ਜਾ ਰਿਹਾ ਹੈ। ਕਈ ਪ੍ਰਭਾਵਸ਼ਾਲੀ ਲੋਕ ਇਨ੍ਹਾਂ ਨੂੰ ਆਪਣੀ ਬਿਹਤਰ ਸਿਹਤ ਅਤੇ ਸੁੰਦਰਤਾ ਦਾ ਰਾਜ਼ ਦੱਸ ਕੇ ਪੇਸ਼ ਕਰ ਰਹੇ ਹਨ। ਇਸ ਨਾਲ ਆਮ ਲੋਕਾਂ ’ਚ ਵੀ ਇਨ੍ਹਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।
ਹਾਲਾਂਕਿ ਅਮਰੀਕੀ ਸਿਹਤ ਵਿਭਾਗ ਦਾ ਸਪੱਸ਼ਟ ਕਹਿਣਾ ਹੈ ਕਿ ਸਿਰਫ ਕਿਸੇ ਉਤਪਾਦ ਦੀ ਲੋਕਪ੍ਰਿਯਤਾ ਜਾਂ ਬਾਜ਼ਾਰ ’ਚ ਵਧਦੀ ਮੰਗ ਉਸ ਦੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਣ ਦਾ ਸਬੂਤ ਨਹੀਂ ਹੈ। ਕਿਸੇ ਵੀ ਦਵਾਈ ਨੂੰ ਵਿਆਪਕ ਰੂਪ ’ਚ ਅਪਣਾਉਣ ਤੋਂ ਪਹਿਲਾਂ ਉਸ ਦੇ ਵਿਗਿਆਨਕ ਪ੍ਰੀਖਣ, ਸੁਰੱਖਿਆ ਸੰਬੰਧੀ ਅਧਿਐਨ ਅਤੇ ਰੈਗੂਲੇਟਰੀ ਪ੍ਰਵਾਨਗੀ ਬਹੁਤ ਜ਼ਿਆਦਾ ਜ਼ਰੂਰੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ’ਚ ਪੇਪਟਾਈਡਸ ਦਾ ਬਾਜ਼ਾਰ ਵਿਗਿਆਨ ਅਤੇ ਵਪਾਰ ਵਿਚਾਲੇ ਸੰਤੁਲਨ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਇਕ ਪਾਸੇ ਕੰਪਨੀਆਂ ਤੇਜ਼ੀ ਨਾਲ ਮੁਨਾਫ਼ਾ ਕਮਾਉਣ ਦੇ ਮੌਕੇ ਤਲਾਸ਼ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸਿਹਤ ਮਾਹਿਰ ਲੋਕਾਂ ਦੀ ਸੁਰੱਖਿਆ ਨੂੰ ਸਰਵਉੱਚ ਤਰਜੀਹ ਦੇਣ ਦੀ ਗੱਲ ਕਰ ਰਹੇ ਹਨ।
ਪੇਪਟਾਈਡਸ ਦਾ ਬਾਜ਼ਾਰ ਫਿਲਹਾਲ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸ ’ਚ ਅਪਾਰ ਵਪਾਰਕ ਸੰਭਾਵਨਾਵਾਂ ਹਨ, ਪਰ ਜਦੋਂ ਤੱਕ ਇਨ੍ਹਾਂ ਦੇ ਲਾਭਾਂ ਅਤੇ ਜੋਖਮਾਂ ’ਤੇ ਲੋੜੀਂਦੇ ਵਿਗਿਆਨਕ ਸਬੂਤ ਉਪਲਬਧ ਨਹੀਂ ਹੋ ਜਾਂਦੇ, ਉਦੋਂ ਤੱਕ ਇਨ੍ਹਾਂ ਨੂੰ ਚਮਤਕਾਰੀ ਇਲਾਜ ਮੰਨਣਾ ਉਚਿਤ ਨਹੀਂ ਹੋਵੇਗਾ। ਆਮ ਲੋਕਾਂ ਨੂੰ ਕਿਸੇ ਵੀ ਪੇਪਟਾਈਡ ਟੀਕੇ ਦੀ ਵਰਤੋਂ ਸਿਰਫ ਯੋਗ ਡਾਕਟਰ ਦੀ ਸਲਾਹ ’ਤੇ ਹੀ ਕਰਨੀ ਚਾਹੀਦੀ ਹੈ ਅਤੇ ਦਿਲਖਿੱਚਵੇਂ ਵਿਗਿਆਪਨਾਂ ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ’ਚ ਆ ਕੇ ਇਨ੍ਹਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਸਾਰਾ ਐਸ਼ਲੇ ਓ ਬ੍ਰਾਇਨ
