ਥਾਣੇ ''ਚ ਰੱਖਿਆ ''ਵਿਸਰਾ'' ਖਾ ਗਏ ਚੂਹੇ, ਹਾਈ ਕੋਰਟ ਨੇ ਜਤਾਈ ਨਾਰਾਜ਼ਗੀ

Friday, Oct 11, 2024 - 05:04 PM (IST)

ਇੰਦੌਰ- ਮੱਧ ਪ੍ਰਦੇਸ਼ ਹਾਈਕੋਰਟ ਨੇ ਇੰਦੌਰ ਦੇ ਇਕ ਥਾਣੇ 'ਚ ਰੱਖੇ ਵਿਸਰਾ ਅਤੇ 28 ਹੋਰ ਨਮੂਨਿਆਂ ਨੂੰ ਚੂਹਿਆਂ ਵਲੋਂ ਨਸ਼ਟ ਕਰਨ 'ਤੇ ਨਾਰਾਜ਼ਗੀ ਜਤਾਈ ਹੈ। ਹਾਈਕੋਰਟ ਨੇ ਪੁਲਸ ਡਾਇਰੈਕਟਰ ਜਨਰਲ ਨੂੰ ਸੂਬੇ ਦੇ ਸਾਰੇ ਥਾਣਿਆਂ ਦੇ ਮਾਲਖਾਨਿਆਂ 'ਚ ਰੱਖੇ ਸਾਮਾਨ ਦੀ ਸੰਭਾਲ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਤਾਂ ਜੋ ਭਵਿੱਖ 'ਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਹਾਈ ਕੋਰਟ ਨੇ ਇਹ ਨਿਰਦੇਸ਼ ਬੀਤੀ 4 ਅਕਤੂਬਰ ਨੂੰ ਇਕ ਦੋਸ਼ੀ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਦਿੱਤਾ ਸੀ। ਪੁਲਸ ਨੇ ਇਸ ਮਾਮਲੇ 'ਚ ਹਾਈ ਕੋਰਟ ਨੂੰ ਦੱਸਿਆ ਕਿ ਸ਼ਹਿਰ ਦੇ ਵਿਜੇ ਨਗਰ ਥਾਣੇ 'ਚ ਪਲਾਸਟਿਕ ਦੀ ਬੋਤਲ 'ਚ ਰੱਖੇ ਵਿਸਰਾ ਨੂੰ ਬਰਸਾਤ ਦੇ ਮੌਸਮ 'ਚ ਚੂਹਿਆਂ ਨੇ ਨਸ਼ਟ ਕਰ ਦਿੱਤਾ ਹੈ, ਜਿਸ ਕਾਰਨ ਇਹ ਸਬੂਤ ਨਸ਼ਟ ਹੋ ਗਏ ਹਨ ਅਤੇ ਇਸ ਦੀ ‘ਹਿਸਟੋਪੈਥੋਲੌਜੀ’ ਜਾਂਚ ਦੀ ਰਿਪੋਰਟ ਹਾਸਲ ਨਹੀਂ ਕੀਤੀ ਜਾ ਸਕੀ ਹੈ।

ਪੁਲਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਥਾਣੇ 'ਚ ਰੱਖੇ 28 ਹੋਰ ਨਮੂਨਿਆਂ ਨੂੰ ਵੀ ਚੂਹਿਆਂ ਨੇ ਨੁਕਸਾਨ ਪਹੁੰਚਾਇਆ। ਹਾਈ ਕੋਰਟ ਦੀ ਇੰਦੌਰ ਬੈਂਚ ਦੇ ਜਸਟਿਸ ਸੁਬੋਧ ਅਭਯੰਕਰ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਇਹ ਘਟਨਾ ਉਸ ‘ਤਰਸਯੋਗ’ ਸਥਿਤੀ ਨੂੰ ਉਜਾਗਰ ਕਰਦੀ ਹੈ ਜਿਸ 'ਚ ਜਾਂਚ ਦੌਰਾਨ ਇਕੱਠੀ ਕੀਤੀ ਗਈ ਸਮੱਗਰੀ ਨੂੰ ਸੂਬੇ ਦੇ ਥਾਣਿਆਂ 'ਚ ਰੱਖਿਆ ਜਾਂਦਾ ਹੈ। ਹਾਈਕੋਰਟ ਨੇ ਕਿਹਾ ਕਿ ਜਦੋਂ ਇੰਦੌਰ ਦੇ ਸਭ ਤੋਂ ਰੁੱਝੇ ਥਾਣਿਆਂ 'ਚੋਂ ਇਕ ਵਿਜੇ ਨਗਰ ਥਾਣੇ ਦੀ ਇਹ ਹਾਲਤ ਹੈ ਤਾਂ ਕੋਈ ਵੀ ਸੋਚ ਸਕਦਾ ਹੈ ਕਿ ਛੋਟੀਆਂ ਥਾਵਾਂ ਦੇ ਥਾਣਿਆਂ ਦੀ ਸਥਿਤੀ ਕੀ ਹੋਵੇਗੀ। ਸਿੰਗਲ ਬੈਂਚ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਪੁਲਸ ਡਾਇਰੈਕਟਰ ਜਨਰਲ ਨੂੰ ਸੂਬੇ ਦੇ ਸਾਰੇ ਥਾਣਿਆਂ ਦੇ ਮਾਲਖਾਨਿਆਂ 'ਚ ਰੱਖੇ ਸਾਮਾਨ ਦੀ ਮੌਜੂਦਾ ਸਥਿਤੀ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ ਤਾਂ ਜੋ ਹੋਰ ਪੁਲਸ ਥਾਣਿਆਂ 'ਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

ਵਿਸਰਾ ਰਿਪੋਰਟ ਕੀ ਹੈ?

ਵਿਸਰਾ ਰਿਪੋਰਟ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਦੌਰਾਨ ਲਏ ਗਏ ਹਿੱਸੇ ਦੀ ਜਾਂਚ ਤੋਂ ਪ੍ਰਾਪਤ ਕੀਤੀ ਗਈ ਰਿਪੋਰਟ ਹੈ। ਵਿਸਰਾ ਰਿਪੋਰਟ ਮੌਤ ਦੇ ਕਾਰਨਾਂ ਦਾ ਖੁਲਾਸਾ ਕਰਦੀ ਹੈ।

ਵਿਸਰਾ ਕੀ ਹੁੰਦਾ ਹੈ

ਵਿਸਰਾ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਦਰਸਾਉਂਦਾ ਹੈ, ਖਾਸ ਕਰ ਕੇ ਛਾਤੀ ਦੇ ਅੰਦਰਲੇ ਅੰਗਾਂ ਜਿਵੇਂ ਕਿ ਦਿਲ, ਫੇਫੜੇ, ਜਾਂ ਪੇਟ ਦੇ ਅੰਦਰਲੇ ਅੰਗਾਂ ਜਿਵੇਂ ਕਿ ਜਿਗਰ ਜਾਂ ਅੰਤੜੀਆਂ। ਵਿਸਰਾ ਸ਼ਬਦ ਦਾ ਇਕਵਚਨ ਰੂਪ 'ਵਿਸਕਸ' ਹੈ, ਜਿਸ ਦਾ ਲਾਤੀਨੀ ਵਿਚ ਅਰਥ ਹੈ 'ਸਰੀਰ ਦਾ ਇਕ ਹਿੱਸਾ'। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ, ਤਾਂ ਪੁਲਸ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਉਂਦੀ ਹੈ। ਕਈ ਵਾਰ ਪੋਸਟਮਾਰਟਮ ਵੀ ਮੌਤ ਦੇ ਅਸਲ ਕਾਰਨ ਦਾ ਖੁਲਾਸਾ ਨਹੀਂ ਕਰਦਾ, ਅਜਿਹੇ ਮਾਮਲਿਆਂ ਵਿਚ ਵਿਸਰਾ ਜਾਂਚ ਕੀਤੀ ਜਾਂਦੀ ਹੈ।


Tanu

Content Editor

Related News