ਦਿੱਲੀ ਬਲਾਸਟ ਮਾਮਲੇ ''ਚ ਰਾਹੁਲ ਗਾਂਧੀ ਨੇ ਜਤਾਇਆ ਦੁੱਖ, ਪੀੜਤਾਂ ਦੇ ਪਰਿਵਾਰਾਂ ਨਾਲ ਜਤਾਈ ਸੰਵੇਦਨਾ
Tuesday, Nov 11, 2025 - 10:36 AM (IST)
ਨਵੀਂ ਦਿੱਲੀ- ਦਿੱਲੀ ਲਾਲ ਕਿਲੇ ਵਿਚ ਹੋਏ ਧਮਾਕੇ ਕਾਰਨ ਪੂਰਾ ਦੇਸ਼ ਹੀ ਨਹੀਂ, ਦੁਨੀਆ ਭਰ 'ਚ ਸੋਗ ਦੀ ਲਹਿਰ ਹੈ। ਇਸੇ ਦੌਰਾਨ ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਹਮਲੇ 'ਤੇ ਦੁੱਖ ਜਤਾਇਆ ਹੈ।
ਉਨ੍ਹਾਂ ਨੇ ਐਕਸ 'ਤੇ ਆਪਣੀ ਪੋਸਟ 'ਚ ਲਿਖਿਆ, 'ਦਿੱਲੀ ਵਿਚ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਕਾਰ ਧਮਾਕੇ ਦੀ ਖ਼ਬਰ ਬਹੁਤ ਦੁਖਦਾਈ ਅਤੇ ਚਿੰਤਾਜਨਕ ਹੈ। ਇਸ ਦੁੱਖ ਭਰੇ ਹਾਦਸੇ ਵਿਚ ਕਈ ਬੇਕਸੂਰ ਲੋਕਾਂ ਦੀ ਮੌਤ ਦੀ ਖਬਰ ਅਤਿਅੰਤ ਦੁਖਦਾਈ ਹੈ। ਮੈਂ ਇਸ ਦੁੱਖ ਭਰੇ ਸਮੇਂ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਦੁਖੀ ਪਰਿਵਾਰਾਂ ਦੇ ਨਾਲ ਖੜ੍ਹਾ ਹਾਂ ਅਤੇ ਉਨ੍ਹਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਸਾਰੇ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋ ਜਾਣ ਦੀ ਕਾਮਨਾ ਕਰਦਾ ਹਾਂ।''

ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਲਾਲ ਕਿਲੇ ਨੇੜੇ ਇਕ ਕਾਰ 'ਚ ਹੋਏ ਜ਼ਬਰਦਸਤ ਧਮਾਕੇ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਹਮਲੇ ਮਗਰੋਂ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਸੀ ਤੇ ਦਿੱਲੀ ਤੋਂ ਇਲਾਵਾ ਪੰਜਾਬ ਤੇ ਹਰਿਆਣਾ 'ਚ ਵੀ ਪੁਲਸ ਹਾਈ ਅਲਰਟ 'ਤੇ ਹੈ।
