ਪਾਕਿ ’ਚ ਸੰਵਿਧਾਨ ਸੋਧ ਦੇ ਵਿਰੋਧ ’ਚ ਲਾਹੌਰ ਹਾਈ ਕੋਰਟ ਦੇ ਜੱਜ ਨੇ ਅਸਤੀਫਾ ਦਿੱਤਾ
Saturday, Nov 15, 2025 - 11:13 PM (IST)
ਲਾਹੌਰ, (ਭਾਸ਼ਾ)– ਪਾਕਿਸਤਾਨ ’ਚ ਨਿਆਇਕ ਸੰਕਟ ਸ਼ਨੀਵਾਰ ਨੂੰ ਹੋਰ ਡੂੰਘਾ ਹੋ ਗਿਆ ਜਦੋਂ ਲਾਹੌਰ ਹਾਈ ਕੋਰਟ ਦੇ ਇਕ ਸੀਨੀਅਰ ਜੱਜ ਨੇ ਸੁਪਰੀਮ ਕੋਰਟ ਦੇ 2 ਜੱਜਾਂ ਦੇ ਅਸਤੀਫੇ ਤੋਂ ਬਾਅਦ ਅਹੁਦਾ ਛੱਡ ਦਿੱਤਾ। ਹਾਈ ਕੋਰਟ ਦੇ ਜੱਜ ਨੇ ਇਕ ਨਵੀਂ ਸੰਵਿਧਾਨਕ ਸੋਧ ਲਾਗੂ ਕਰਨ ਦੇ ਮਾਧਿਅਮ ਰਾਹੀਂ ‘ਸੰਵਿਧਾਨ ਤੇ ਨਿਆਂਪਾਲਿਕਾ ’ਤੇ ਹਮਲੇ’ ਦਾ ਵਿਰੋਧ ਕਰਦੇ ਹੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸੋਧੇ ਹੋਏ ਕਾਨੂੰਨ ਤਹਿਤ ਸੰਵਿਧਾਨ ਨਾਲ ਸਬੰਧਤ ਮਾਮਲਿਆਂ ਨਾਲ ਨਜਿੱਠਣ ਲਈ ਇਕ ਫੈਡਰਲ ਸੰਵਿਧਾਨਕ ਅਦਾਲਤ ਦੀ ਸਥਾਪਨਾ ਕੀਤੀ ਗਈ, ਜਦੋਂਕਿ ਮੌਜੂਦਾ ਸੁਪਰੀਮ ਕੋਰਟ ਸਿਰਫ ਰਵਾਇਤੀ ਦੀਵਾਨੀ ਤੇ ਫੌਜਦਾਰੀ ਮਾਮਲੇ ਹੀ ਵੇਖੇਗਾ।
27ਵੀਂ ਸੰਵਿਧਾਨ ਸੋਧ ਤਹਿਤ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ 2030 ਤਕ ਰੱਖਿਆ ਬਲਾਂ ਦੇ ਮੁਖੀ ਵਜੋਂ ਅਹੁਦੇ ’ਤੇ ਬਣੇ ਰਹਿਣ ਦੀ ਮਨਜ਼ੂਰੀ ਵੀ ਮਿਲ ਜਾਵੇਗੀ। ਲਾਹੌਰ ਹਾਈ ਕੋਰਟ ਦੇ ਜੱਜ ਸ਼ਮਸ ਮਹਿਮੂਦ ਮਿਰਜ਼ਾ ਨੇ ਅਸਤੀਫਾ ਦੇ ਦਿੱਤਾ। ਇਸ ਦੇ ਨਾਲ ਹੀ ਉਹ ਵਿਵਾਦ ਭਰੀ ਸੋਧ ਦਾ ਕਾਨੂੰਨ ਬਣਨ ਤੋਂ ਬਅਦ ਕਿਸੇ ਵੀ ਹਾਈ ਕੋਰਟ ਤੋਂ ਅਸਤੀਫਾ ਦੇਣ ਵਾਲੇ ਪਹਿਲੇ ਜੱਜ ਬਣ ਗਏ।
