ਰਾਣਾ ਪਤੀ-ਪਤਨੀ ਨੇ ਠਾਕਰੇ ਨੂੰ ਸੱਤਾ ਤੋਂ ਬਾਹਰ ਕਰਨ ਲਈ ਹਨੂੰਮਾਨ ਚਾਲੀਸਾ ਦਾ ਕੀਤਾ ਪਾਠ
Sunday, May 15, 2022 - 09:42 AM (IST)
ਨਵੀਂ ਦਿੱਲੀ (ਭਾਸ਼ਾ)- ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਵਿਧਾਇਕ ਪਤੀ ਰਵੀ ਰਾਣਾ ਨੇ ਊਧਵ ਠਾਕਰੇ ਨੂੰ ਸੱਤਾ ਤੋਂ ਬਾਹਰ ਕਰਨ ਲਈ ਸ਼ਨੀਵਾਰ ਇੱਥੇ ਹਨੂੰਮਾਨ ਮੰਦਰ ’ਚ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਸ਼ਿਵ ਸੈਨਾ ਦੇ ਰੂਪ ’ਚ ਮਹਾਰਾਸ਼ਟਰ ’ਤੇ ਪੈਦਾ ਹੋ ਰਹੇ ਸਭ ਤੋਂ ਵੱਡੇ ਖ਼ਤਰੇ ਨੂੰ ਟਾਲਣ ਲਈ ਪ੍ਰਾਰਥਨਾ ਕੀਤੀ। ਜੋੜੇ ਨੂੰ ਪਿਛਲੇ ਮਹੀਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਮੁੰਬਈ ਸਥਿਤ ਰਿਹਾਇਸ਼ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਤੋਂ ਬਾਅਦ ਦੇਸ਼ਧ੍ਰੋਹ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ 12 ਦਿਨਾਂ ਬਾਅਦ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ।
ਭਗਵਾ ਸਾੜੀ ਪਹਿਨੀ ਨਵਨੀਤ ਰਾਣਾ ਆਪਣੇ ਪਤੀ ਅਤੇ ਸੈਂਕੜੇ ਸਮਰਥਕਾਂ ਨਾਲ ਉੱਤਰੀ ਐਵੇਨਿਊ ਨਿਵਾਸ ਤੋਂ ਕਨਾਟ ਪਲੇਸ ’ਚ ਹਨੂੰਮਾਨ ਮੰਦਰ ਤੱਕ ਪੈਦਲ ਚੱਲੀ। ਨਵਨੀਤ ਨੇ ਮੰਦਰ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਊਧਵ ਠਾਕਰੇ ਮਹਾਰਾਸ਼ਟਰ ਲਈ ਸਭ ਤੋਂ ਵੱਡਾ ਖ਼ਤਰਾ ਹਨ। ਮੈਂ ਮਹਾਰਾਸ਼ਟਰ ਨੂੰ ਇਸ ਖ਼ਤਰੇ ਤੋਂ ਛੁਟਕਾਰਾ ਦਿਵਾਉਣ ਲਈ ਅਰਦਾਸ ਕਰਨ ਆਈ ਹਾਂ। ਰਾਣਾ ਜੋੜੇ ਨੇ ਮੰਦਰ ’ਚ ਆਰਤੀ ਵੀ ਕੀਤੀ।
ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਰਾਣਾ ਨੇ ਸ਼ਿਵ ਸੈਨਾ ’ਤੇ ਮਹਾਰਾਸ਼ਟਰ ਦੀ ਸੱਤਾ ਹਥਿਆਉਣ ਲਈ ਕਾਂਗਰਸ ਅਤੇ ਐੱਨ. ਸੀ. ਪੀ. ਨਾਲ ਹੱਥ ਮਿਲਾ ਕੇ ਹਿੰਦੂਤਵ ਨੂੰ ਤਿਆਗਣ ਦਾ ਦੋਸ਼ ਲਾਇਆ ਤੇ ਕਿਹਾ ਕਿ ਊਧਵ ਠਾਕਰੇ ਬਾਲਾ ਸਾਹਿਬ ਠਾਕਰੇ ਦੀ ਵਿਰਾਸਤ ਨੂੰ ਭੁੱਲ ਗਏ ਹਨ। ਬਾਲਾ ਸਾਹਿਬ ਹਿੰਦੂਤਵ ਦੇ ਸੱਚੇ ਮਾਰਗ ਦਰਸ਼ਕ ਸਨ, ਇਹ ਨਕਲੀ ਹਨ।