ਰਾਹੁਲ ਗਾਂਧੀ ਨੇ ਹਿਮਾਚਲ 'ਚ ਕੀਤੀ ਰੈਲੀ, PM ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ

05/26/2024 1:07:07 PM

ਨਾਹਨ (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਸਾਲਾਂ 'ਚ 22 ਲੋਕਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ ਮੁਆਫ਼ ਕਰ ਦਿੱਤੇ ਪਰ ਹਿਮਾਚਲ ਪ੍ਰਦੇਸ਼ ਨੂੰ ਮਾਨਸੂਨ ਆਫ਼ਤ ਲਈ 9 ਹਜ਼ਾਰ ਕਰੋੜ ਰੁਪਏ ਨਹੀਂ ਦੇ ਸਕੇ। ਰਾਹੁਲ ਨੇ ਕਿਹਾ,''ਪਹਾੜੀ ਰਾਜ ਦੀ ਮਦਦ ਕਰਨ ਦੀ ਬਜਾਏ ਮੋਦੀ ਨੇ ਰਾਜ ਦੀ ਚੁਣੀ ਹੋਈ ਸਰਕਾਰ ਨੂੰ 'ਚੋਰੀ' ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਬਿਆਨ ਪੀ.ਐੱਮ. ਮੋਦੀ ਵਲੋਂ ਰਾਜ 'ਚ ਕਾਂਗਰਸ ਸਰਕਾਰ ਵਲੋਂ ਕੇਂਦਰੀ ਹੜ੍ਹ ਮਦਦ ਦੇ ਗਲਤ ਵੇਰਵੇ ਦਾ ਦੋਸ਼ ਲਗਾਉਣ ਅਤੇ ਕਾਰਵਾਈ ਦਾ ਵਾਅਦਾ ਕਰਨ ਦੇ ਕੁਝ ਦਿਨਾਂ ਬਾਅਦ ਆਇਆ ਹੈ। ਸ਼ਿਮਲਾ (ਐੱਸਸੀ) ਸੰਸਦੀ ਖੇਤਰ ਤੋਂ ਕਾਂਗਰਸ ਉਮੀਦਵਾਰ ਵਿਨੋਦ ਸੁਲਤਾਨਪੁਰੀ ਦੇ ਸਮਰਥਨ 'ਚ ਹਿਮਾਚ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਨਾਹਨ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੋਦੀ ਨੇ ਸੇਬ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਾਰੀਆਂ ਸਹੂਲਤਾਂ ਇਕ ਵਿਅਕਤੀ ਨੂੰ ਸੌਂਪ ਦਿੱਤੀਆਂ।

ਰਾਹੁਲ ਨੇ ਦਾਅਵਾ ਕੀਤਾ ਕਿ ਜਦੋਂ ਵੀ ਨਰਿੰਦਰ ਮੋਦੀ ਸਹੁੰ ਚੁੱਕਦੇ ਹਨ, ਅਡਾਨੀ ਦੇ ਕੰਪਨੀਆਂ ਦੇ ਸ਼ੇਅਰ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ। ਆਪਣੇ ਭਾਸ਼ਣ 'ਚ ਰਾਹੁਲ ਨੇ ਕੇਂਦਰ 'ਚ ਉਨ੍ਹਾਂ ਦੀ ਪਾਰਟੀ ਦੇ ਸੱਤਾ 'ਚ ਆਉਣ 'ਤੇ ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਖੇਤੀ ਕਰਜ਼ ਮੁਆਫ਼ੀ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਆਉਣ ਤੱਕ ਹਰ ਸਾਲ ਇਕ ਲੱਖ ਰੁਪਏ ਮਿਲਣਗੇ। ਸਾਬਕਾ ਕਾਂਗਰਸ ਪ੍ਰਧਾਨ ਨੇ ਦੇਸ਼ 'ਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਉਪਲੱਬਧ ਕਰਵਾਉਣ ਲਈ ਸਰਕਾਰੀ ਵਿਭਾਗਾਂ 'ਚ 30 ਲੱਖ ਅਹੁਦੇ ਭਰਨ ਦਾ ਵੀ ਵਾਅਦਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇਤਾ ਇਹ ਕਹਿ ਕੇ ਸੰਵਿਧਾਨ 'ਤੇ ਹਮਲਾ ਕਰ ਰਹੇ ਹਨ ਕਿ ਉਹ ਇਸ ਨੂੰ ਖ਼ਤਮ ਕਰ ਦੇਣਗੇ। ਉਨ੍ਹਾਂ ਨੇ ਕਾਂਗਰਸ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਸੰਵਿਧਾਨ 'ਤੇ ਹਮਲਾ ਕਰਨ ਦੀਆਂ ਭਾਜਪਾ ਨੇਤਾਵਾਂ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰਨ ਲਈ ਸਾਰੀਆਂ ਚਾਰ ਲੋਕ ਸਭਾ ਸੀਟਾਂ 'ਤੇ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਕਰਨ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ,''ਮੇਰੀ ਭੈਣ ਇੱਥੇ ਸ਼ਿਮਲਾ 'ਚ ਰਹਿੰਦੀ ਹੈ ਅਤੇ ਰਾਹੁਲ ਤੇ ਪ੍ਰਿਯੰਕਾ ਦਿੱਲੀ 'ਚ ਤੁਹਾਡੇ ਸੈਨਿਕ ਹਨ।'' ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ਨੇ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਉਹ 'ਪਹਿਲੀ ਨੌਕਰੀ ਪੱਕਾ ਅਧਿਕਾਰ' ਪ੍ਰੋਗਰਾਮ ਦੇ ਅਧੀਨ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ਦੀ ਯਕੀਨੀ ਨੌਕਰੀ ਦੇਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News