ਵਾਰਾਣਸੀ ''ਚ ਬੋਲੇ ਰਾਹੁਲ ਗਾਂਧੀ- ਚੋਣਾਂ ਮਗਰੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣਨ ਜਾ ਰਹੇ
Wednesday, May 29, 2024 - 09:23 PM (IST)
ਨੈਸ਼ਨਲ ਡੈਸਕ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 'ਅਬਕੀ ਬਾਰ 400 ਪਾਰ' ਦੇ ਨਾਅਰੇ ਨੂੰ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕਰਾਰ ਦਿੰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੁਹਰਾਇਆ ਕਿ ਨਰਿੰਦਰ ਮੋਦੀ ਇਸ ਵਾਰ ਪ੍ਰਧਾਨ ਮੰਤਰੀ ਨਹੀਂ ਬਣ ਰਹੇ ਹਨ ਅਤੇ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨਡੀਏ) 143 ਸੀਟਾਂ 'ਤੇ ਸਿਮਟਣ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਚ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਾਂਝੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ''ਮੋਦੀ ਚਾਹੁੰਦੇ ਹਨ ਕਿ ਦੇਸ਼ ਵਿਚ 22-25 ਲੋਕ ਅਮੀਰ ਰਹਿਣ ਅਤੇ ਬਾਕੀ ਗ਼ਰੀਬ ਹੀ ਰਹਿਣ। ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਬਰਾਬਰ ਪੈਸਾ ਮਿਲੇ, ਕਰਜ਼ੇ ਮੁਆਫ਼ ਕੀਤੇ ਜਾਣ, ਜੇਕਰ ਅਮੀਰਾਂ ਦੇ ਕਰਜ਼ੇ ਮੁਆਫ਼ ਹਨ ਤਾਂ ਗ਼ਰੀਬਾਂ ਦੇ ਵੀ ਮੁਆਫ਼ ਕੀਤੇ ਜਾਣ, ਕਿਸਾਨਾਂ ਦੇ ਵੀ ਮੁਆਫ਼ ਕੀਤੇ ਜਾਣ। ਭਾਜਪਾ ਨੇਤਾਵਾਂ ਨੇ ਸਭ ਤੋਂ ਵੱਡੀ ਗ਼ਲਤੀ ਇਹ ਕੀਤੀ ਹੈ ਕਿ ਉਨ੍ਹਾਂ ਨੇ ਕਿਹਾ ਕਿ ਸਾਨੂੰ 400 ਸੀਟਾਂ ਦਿਓ, ਅਸੀਂ ਸੰਵਿਧਾਨ ਬਦਲ ਦੇਵਾਂਗੇ।
ਉਨ੍ਹਾਂ ਕਿਹਾ, ''2024 ਦੀ ਚੋਣ ਇਕ ਵੱਖਰੀ ਚੋਣ ਹੈ। ਪਹਿਲੀ ਵਾਰ ਕਿਸੇ ਵੀ ਸਿਆਸੀ ਪਾਰਟੀ, ਉਸ ਦੇ ਆਗੂਆਂ ਨੇ ਸਪੱਸ਼ਟ ਕਿਹਾ ਹੈ ਕਿ ਅਸੀਂ ਇਸ ਸੰਵਿਧਾਨ ਨੂੰ ਖ਼ਤਮ ਕਰ ਦੇਵਾਂਗੇ। ਭਾਜਪਾ ਦੇ ਕਈ ਨੇਤਾਵਾਂ ਨੇ ਇਹ ਕਿਹਾ ਹੈ, ਇਹ ਭਾਜਪਾ ਨੇਤਾਵਾਂ ਦੀ ਸਭ ਤੋਂ ਵੱਡੀ ਗ਼ਲਤੀ ਹੈ, ਇਹ ਸੰਵਿਧਾਨ ਗਾਂਧੀ ਜੀ, ਅੰਬੇਡਕਰ ਜੀ, ਜਵਾਹਰ ਲਾਲ ਨਹਿਰੂ ਜੀ ਅਤੇ ਭਾਰਤ ਦੇ ਸਾਰੇ ਨਾਗਰਿਕਾਂ ਦੀ ਦੇਣ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਦੁਨੀਆ ਵਿਚ ਕੋਈ ਅਜਿਹੀ ਤਾਕਤ ਹੈ ਜੋ ਇਸ ਨੂੰ ਤਬਾਹ ਕਰ ਸਕਦੀ ਹੈ।''
ਇਹ ਖ਼ਬਰ ਵੀ ਪੜ੍ਹੋ- PDP ਮੁਖੀ ਮਹਿਬੂਬਾ ਮੁਫ਼ਤੀ ਖ਼ਿਲਾਫ਼ FIR ਦਰਜ ਕੀਤਾ ਜਾਣਾ ਧਮਕੀ ਹੈ : ਇਲਤਿਜਾ
ਗਾਂਧੀ ਨੇ ਜਨਤਾ ਨੂੰ ਕਿਹਾ ਕਿ ਸੰਵਿਧਾਨ ਦੀ ਰੱਖਿਆ ਕਰਨੀ ਚਾਹੀਦੀ ਹੈ, ਕਿਉਂਕਿ ਇਹ ਤੁਹਾਡੀ ਆਵਾਜ਼ ਹੈ, ਇਹ ਤੁਹਾਡਾ ਭਵਿੱਖ ਹੈ, ਇਸ ਵਿਚ ਤੁਹਾਡੇ ਵਿਚਾਰ ਹਨ। ਜੇਕਰ ਸੰਵਿਧਾਨ ਖ਼ਤਮ ਹੋ ਗਿਆ ਤਾਂ ਪਬਲਿਕ ਸੈਕਟਰ ਖ਼ਤਮ ਹੋ ਜਾਵੇਗਾ, ਨੌਕਰੀਆਂ ਖ਼ਤਮ ਹੋ ਜਾਣਗੀਆਂ, ਮਹਿੰਗਾਈ ਆਸਮਾਨ ਨੂੰ ਛੂਹ ਜਾਵੇਗੀ, ਰਿਜ਼ਰਵੇਸ਼ਨ ਖ਼ਤਮ ਹੋ ਜਾਵੇਗੀ। ਜੇਕਰ ਸੰਵਿਧਾਨ ਨਾ ਰਿਹਾ ਤਾਂ ਇਸ ਦੇ ਬਿਨਾਂ ਭਾਰਤ ਵਿਚ 22-25 ਅਮੀਰ ਲੋਕਾਂ ਕੋਲ ਹੱਕ ਬਚਣਗੇ। ਕਿਸਾਨਾਂ ਦੇ ਹੱਕ, ਮਜ਼ਦੂਰਾਂ ਦੇ ਹੱਕ, ਨੌਜਵਾਨਾਂ ਦੇ ਹੱਕ, ਮਾਵਾਂ-ਭੈਣਾਂ ਦੇ ਹੱਕ ਸਭ ਖੋਹ ਲਏ ਜਾਣਗੇ।
ਉਨ੍ਹਾਂ ਕਿਹਾ, “ਨਰਿੰਦਰ ਮੋਦੀ ਨੇ 22 ਲੋਕਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ। ਮਤਲਬ ਮੋਦੀ ਜੀ ਨੇ 24 ਸਾਲ ਦਾ ਮਨਰੇਗਾ ਦਾ ਪੈਸਾ 22 ਲੋਕਾਂ ਦੀਆਂ ਜੇਬਾਂ ਵਿਚ ਪਾ ਦਿੱਤਾ। ਅਸੀਂ 70 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦਿੱਤੀ ਸੀ, ਜੇਕਰ 24 ਸਾਲਾਂ ਲਈ ਕਰਜ਼ਾ ਮੁਆਫ਼ੀ ਹੈ ਤਾਂ ਨਰਿੰਦਰ ਮੋਦੀ ਜੀ ਨੇ ਉਸ ਰਕਮ ਦੇ 22 ਲੋਕਾਂ ਦਾ ਕਰਜ਼ਾ ਮੁਆਫ਼ ਕੀਤਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਸਰਕਾਰ ਬਣਦੇ ਹੀ ਬਨਾਰਸ ਦੇ ਲੋਕਾਂ ਅਤੇ ਪੂਰੇ ਉੱਤਰ ਪ੍ਰਦੇਸ਼ ਦੇ ਗ਼ਰੀਬ ਲੋਕਾਂ ਦੀ ਸੂਚੀ ਬਣਾਈ ਜਾਵੇਗੀ। ਹਰ ਗ਼ਰੀਬ ਪਰਿਵਾਰ ਵਿਚੋਂ ਇਕ ਔਰਤ ਦਾ ਨਾਂ ਚੁਣਿਆ ਜਾਵੇਗਾ, ਇਕ ਔਰਤ ਦੇ ਨਾਂ ਬੈਂਕ ਅਕਾਊਂਟ ਵਿਚ ਸਾਲ ਦਾ 10 ਹਜ਼ਾਰ ਨਹੀਂ, 50 ਹਜ਼ਾਰ ਨਹੀਂ, 70 ਹਜ਼ਾਰ ਨਹੀਂ, 80 ਹਜ਼ਾਰ ਨਹੀਂ, 90 ਹਜ਼ਾਰ ਨਹੀਂ, ਸਾਲ ਦੇ 1 ਲੱਖ ਰੁਪਏ ਬੈਂਕ ਅਕਾਊਂਟ ਵਿਚ ਜਮ੍ਹਾਂ ਕੀਤੇ ਜਾਣਗੇ। 4 ਜੁਲਾਈ ਤੋਂ ਤੁਹਾਡੇ ਬੈਂਕ ਅਕਾਊਂਟ ਵਿਚ ਹਰ ਮਹੀਨੇ 8,500 ਰੁਪਏ ਜਮ੍ਹਾਂ ਹੋਣਗੇ।
ਇਹ ਖ਼ਬਰ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ 'ਚ ਸੈਰ-ਸਪਾਟਾ ਖੇਤਰ ਨੂੰ ਨੁਕਸਾਨ ਪਹੁੰਚਾ ਰਹੀ ਹੈ ਕੇਂਦਰ ਸਰਕਾਰ : ਪ੍ਰਿਯੰਕਾ ਗਾਂਧੀ
ਉਨ੍ਹਾਂ ਕਿਹਾ, “ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਨਰਿੰਦਰ ਮੋਦੀ ਜੀ ਨੇ ਅਗਨੀਵੀਰ ਯੋਜਨਾ ਰਾਹੀਂ ਫ਼ੌਜੀਆਂ ਨੂੰ ਮਜ਼ਦੂਰ ਬਣਾਇਆ, ਚਾਰ ਸਾਲ ਬਾਅਦ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਮੈਂ ਤੁਹਾਨੂੰ ਦੱਸ ਰਿਹਾ ਹਾਂ, ਸਰਕਾਰ ਬਣਦੇ ਹੀ ਅਸੀਂ ਅਗਨੀਵੀਰ ਯੋਜਨਾ ਨੂੰ ਕੂੜੇਦਾਨ ਵਿਚ ਸੁੱਟ ਦੇਵਾਂਗੇ।'' ਉਨ੍ਹਾਂ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਕਾਂਗਰਸ ਦੇ ਉਮੀਦਵਾਰ ਅਜੈ ਰਾਏ ਦਾ ਮੁਕਾਬਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈ ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ 4 ਜੂਨ ਨੂੰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਰਹਿਣਗੇ, ਇਸ ਲਈ ਇਹ ਚੋਣ ਸੰਸਦ ਮੈਂਬਰ ਅਜੈ ਰਾਏ ਅਤੇ ਨਰਿੰਦਰ ਮੋਦੀ ਵਿਚਕਾਰ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8