ਬਿਹਾਰ ''ਚ ਗਰਜੇ ਰਾਹੁਲ ਗਾਂਧੀ, ਕਿਹਾ- ਨਰਿੰਦਰ ਮੋਦੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ
Monday, May 27, 2024 - 03:28 PM (IST)
ਬਖਤਿਆਰਪੁਰ- ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਜੇਕਰ ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' ('ਇੰਡੀਆ') ਸੱਤਾ 'ਚ ਆਉਂਦਾ ਹੈ ਤਾਂ ਫੌਜ 'ਚ ਥੋੜ੍ਹੇ ਸਮੇਂ ਲਈ ਭਰਤੀ ਦੀ ਅਗਨੀਪਥ ਯੋਜਨਾ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਹਰ ਔਰਤ ਦੇ ਖ਼ਾਤੇ 'ਚ 8,500 ਰੁਪਏ ਪ੍ਰਤੀ ਮਹੀਨਾ ਜਮ੍ਹਾ ਕੀਤੇ ਜਾਣਗੇ। ਬਿਹਾਰ ਦੇ ਬਖਤਿਆਰਪੁਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਦੋਹਰਾਇਆ ਕਿ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ ਕਿਉਂਕਿ ਦੇਸ਼ ਭਰ ਵਿਚ ਵਿਰੋਧੀ ਗਠਜੋੜ ਦੇ ਹੱਕ 'ਚ ਸਪੱਸ਼ਟ ਲਹਿਰ ਹੈ। ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ 'ਇੰਡੀਆ' ਗਠਜੋੜ ਦਾ ਤੂਫਾਨ ਆ ਰਿਹਾ ਹੈ। ਰਾਹੁਲ ਨੇ ਕਿਹਾ ਕਿ 4 ਜੂਨ ਨੂੰ 'ਇੰਡੀਆ' ਗਠਜੋੜ ਦੀ ਸਰਕਾਰ ਆ ਰਹੀ ਹੈ। ਸਰਕਾਰ ਬਣਦੇ ਹੀ ਅਸੀਂ ਅਗਨੀਵੀਰ ਯੋਜਨਾ ਨੂੰ ਖ਼ਤਮ ਕਰ ਦੇਵਾਂਗੇ। ਫ਼ੌਜ ਇਸ ਯੋਜਨਾ ਨੂੰ ਨਹੀਂ ਲਿਆਈ। ਨਰਿੰਦਰ ਮੋਦੀ ਨੇ ਅਗਨੀਵੀਰ ਯੋਜਨਾ ਨੂੰ ਫ਼ੌਜ 'ਤੇ ਥੋਪਿਆ ਹੈ।
ਇਹ ਵੀ ਪੜ੍ਹੋ- ਗੇਮਿੰਗ ਜ਼ੋਨ ਅਗਨੀਕਾਂਡ: ਸੱਤ ਜਨਮਾਂ ਦਾ ਰਿਸ਼ਤਾ ਮਿੰਟਾਂ 'ਚ ਹੋਇਆ ਤਬਾਹ, ਹਾਦਸੇ 'ਚ ਪਤੀ-ਪਤਨੀ ਦੀ ਗਈ ਜਾਨ
ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਨਰਿੰਦਰ ਮੋਦੀ ਜੀ ਲੰਬੇ-ਲੰਬੇ ਭਾਸ਼ਣ ਨਾ ਦਿਓ। ਸਿਰਫ਼ ਇੰਨਾ ਦੱਸੋ ਕਿ ਤੁਸੀਂ ਬਿਹਾਰ ਦੇ ਨੌਜਵਾਨਾਂ ਨੂੰ ਕਿੰਨੇ ਰੁਜ਼ਗਾਰ ਦਿੱਤੇ ਹਨ? ਤੁਸੀਂ 2 ਕਰੋੜ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਸੀ ਪਰ ਕਿਸੇ ਨੂੰ ਨੌਕਰੀ ਨਹੀਂ ਦਿੱਤੀ। ਇਹ ਸੰਵਿਧਾਨ ਬਚਾਉਣ ਦੀਆਂ ਚੋਣਾਂ ਹਨ, ਕਿਉਂਕਿ ਭਾਜਪਾ ਦੇ ਨੇਤਾ ਕਹਿੰਦੇ ਹਨ ਕਿ ਅਸੀਂ ਸੰਵਿਧਾਨ ਨੂੰ ਬਦਲ ਦੇਵਾਂਗੇ। ਜੇਕਰ ਕਿਸੇ ਨੇ ਵੀ ਸੰਵਿਧਾਨ ਨੂੰ ਬਦਲਣ ਦੀ ਹਿੰਮਤ ਕੀਤੀ ਤਾਂ ਉਸ ਦੇ ਸਾਹਮਣੇ ਪੂਰਾ 'ਇੰਡੀਆ' ਗਠਜੋੜ ਖੜ੍ਹਾ ਮਿਲੇਗਾ। ਪ੍ਰਧਾਨ ਮੰਤਰੀ ਮੋਦੀ 'ਤੇ ਤੰਜ਼ ਕੱਸਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਜੀ ਨੇ ਅਰਬਪਤੀਆਂ ਦੀ ਜੇਬ 'ਚ ਪੈਸਾ ਪਾਇਆ। ਅਰਬਪਤੀਆਂ ਨੇ ਇਸ ਪੈਸੇ ਤੋਂ ਵਿਦੇਸ਼ਾਂ ਵਿਚ ਬਿਜ਼ਨੈੱਸ ਕੀਤਾ। ਦੇਸ਼ ਦੀ ਅਰਥਵਿਵਸਥਾ ਨੂੰ ਕੋਈ ਫਾਇਦਾ ਨਹੀਂ ਹੋਇਆ। ਜਦੋਂ ਅਸੀਂ ਗਰੀਬਾਂ ਨੂੰ ਪੈਸਾ ਦੇਵਾਂਗੇ ਤਾਂ ਉਹ ਲੋਕ ਆਪਣੇ ਪਿੰਡ-ਸ਼ਹਿਰ ਵਿਚ ਇਹ ਪੈਸਾ ਖਰਚ ਕਰਨਗੇ। ਸਾਮਾਨ ਦੀ ਡਿਮਾਂਡ ਵਧੇਗੀ ਤਾਂ ਬੰਦ ਫੈਕਟਰੀਆਂ ਚਾਲੂ ਹੋ ਜਾਣਗੀਆਂ।
ਇਹ ਵੀ ਪੜ੍ਹੋ- ਮੋਦੀ ਜੀ ਕਹਿੰਦੇ ਹਨ ਹਿਮਾਚਲ ਮੇਰਾ ਦੂਜਾ ਘਰ ਪਰ ਉਹ ਆਫ਼ਤ ਦੇ ਸਮੇਂ ਇੱਥੇ ਆਉਂਦੇ ਨਹੀਂ: ਪ੍ਰਿਯੰਕਾ ਗਾਂਧੀ