ਲੋੜ ਤੋਂ ਵੱਧ ਖਾਂਦੇ ਹਨ ਘੱਟ ਨੀਂਦ ਲੈਣ ਵਾਲੇ ਲੋਕ!

02/29/2020 6:31:05 PM

ਨਵੀਂ ਦਿੱਲੀ (ਏਜੰਸੀਆਂ)-ਪਹਿਲਾਂ ਵੀ ਅਜਿਹੀਆਂ ਕਈ ਸਟੱਡੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ ’ਚ ਦੱਸਿਆ ਗਿਆ ਹੈ ਕਿ ਘੱਟ ਨੀਂਦ ਲੈਣ ਕਾਰਣ ਮੋਟਾਪਾ, ਟਾਈਪ-2 ਡਾਇਬਿਟੀਜ਼ ਅਤੇ ਦਿਲ ਦੀ ਬੀਮਾਰੀ ਹੋ ਸਕਦੀ ਹੈ। ਇਕ ਨਵੀਂ ਸਟੱਡੀ ’ਚ ਪਤਾ ਲੱਗਾ ਹੈ ਕਿ ਇਸ ਵਿਚ ਡਾਈਟ ਦਾ ਵੀ ਵੱਡਾ ਰੋਲ ਹੁੰਦਾ ਹੈ। ਇਹ ਸਟੱਡੀ ਜਰਨਲ ਆਫ ਦਿ ਅਮਰੀਕਨ ਹਾਰਟ ਐਸੋਸੀਏਸ਼ਨ ’ਚ ਛਪੀ ਹੈ, ਜਿਸ ਨੂੰ ਸਿਹਤ ’ਤੇ ਖਾਣ-ਪੀਣ ਅਤੇ ਨੀਂਦ ਦੀ ਕੁਆਲਿਟੀ ਦਰਮਿਆਨ ਸਬੰਧ ਦੀ ਹੋਰ ਡੂੰਘੀ ਜਾਣਕਾਰੀ ਹਾਸਲ ਕਰਨ ਲਈ ਕੀਤਾ ਗਿਆ ਸੀ। ਕੋਲੰਬੀਆ ਯੂਨੀਵਰਸਿਟੀ ਵੇਜਲਾਸ ਦੇ ਸੀਨੀਅਰ ਸਟੱਡੀ ਆਥਰ ਅਤੇ ਰਿਸਰਚਰ ਬਰੁਕ ਅਗਰਵਾਲ ਨੇ ਕਿਹਾ ਕਿ ਖਾਸ ਤੌਰ ’ਤੇ ਔਰਤਾਂ ਖਰਾਬ ਨੀਂਦ ਦੀ ਸਮੱਸਿਆ ਨਾਲ ਜੂਝਦੀਆਂ ਹਨ ਕਿਉਂਕਿ ਉਨ੍ਹਾਂ ’ਤੇ ਬੱਚਿਆਂ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਰਹਿੰਦੀ ਹੈ। ਬਾਅਦ ਦੀ ਉਮਰ ’ਚ ਮੀਨੋਪਾਜ਼ ਹਾਰਮੋਨਜ਼ ਕਾਰਣ ਉਨ੍ਹਾਂ ’ਚ ਅਜਿਹਾ ਹੁੰਦਾ ਹੈ।

ਰਿਸਰਚਰਸ ਨੇ ਨਤੀਜੇ ਜਾਣਨ ਲਈ 20 ਤੋਂ 76 ਸਾਲ ਦੀ ਉਮਰ ਵਾਲੇ ਵੱਖ-ਵੱਖ ਵਿਸ਼ੇਸ਼ਤਾਵਾਂ ਵਾਲੇ ਗਰੁੱਪ ਦੇ 495 ਲੋਕਾਂ ਦੀਆਂ ਖਾਣ ਅਤੇ ਸੌਣ ਦੀਆਂ ਆਦਤਾਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੀਂਦ ਦੀ ਕੁਆਲਿਟੀ, ਨੀਂਦ ਆਉਣ ’ਚ ਕਿੰਨਾ ਸਮਾਂ ਲੱਗਾ ਅਤੇ ਉਨੀਂਦਰਾ ’ਤੇ ਨਜ਼ਰ ਰੱਖੀ। ਸਟੱਡੀ ’ਚ ਸ਼ਾਮਲ ਲੋਕ ਪੂਰੇ ਸਾਲ ਕੀ ਖਾਂਦੇ ਹਨ, ਉਨ੍ਹਾਂ ਨੇ ਇਸ ਦੀ ਵੀ ਜਾਣਕਾਰੀ ਦਿੱਤੀ, ਇਸ ਨਾਲ ਰਿਸਰਚਰਸ ਨੂੰ ਉਨ੍ਹਾਂ ਦੇ ਖਾਣ-ਪੀਣ ਦੀ ਰੁਟੀਨ ਦਾ ਪਤਾ ਲਾਉਣ ’ਚ ਮਦਦ ਮਿਲੀ।

ਸਟੱਡੀ ’ਚ ਪਤਾ ਲੱਗਾ ਕਿ ਓਵਰਆਲ ਸਭ ਤੋਂ ਖਰਾਬ ਨੀਂਦ ਲੈਣ ਵਾਲੇ ਲੋਕਾਂ ਨੇ ਸ਼ੂਗਰ ਦਾ ਵੱਧ ਸੇਵਨ ਕੀਤਾ। ਇਹ ਮੋਟਾਪੇ ਅਤੇ ਡਾਇਬਿਟੀਜ਼ ਦਾ ਕਾਰਣ ਹੁੰਦਾ ਹੈ। ਰਿਸਰਚਰਸ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਕਾਫੀ ਦੇਰ ’ਚ ਨੀਂਦ ਆਉਂਦੀ ਸੀ, ਉਹ ਵੀ ਵੱਧ ਕੈਲੋਰੀ ਵਾਲਾ ਖਾਣਾ ਖਾਂਦੇ ਸਨ। ਇਸ ਤੋਂ ਇਲਾਵਾ ਉਨੀਂਦਰਾ ਦੇ ਗੰਭੀਰ ਲੱਛਣ ਵਾਲੇ ਲੋਕ ਮਾਮੂਲੀ ਲੱਛਣ ਵਾਲੇ ਲੋਕਾਂ ਦੇ ਮੁਕਾਬਲੇ ਕੈਲੋਰੀ ਵਾਲੇ ਫੂਡ ਅਤੇ ਕੁਝ ਅਨਸੈਚੁਰੇਟਡ ਫੈਟ ਦਾ ਵੱਧ ਸੇਵਨ ਕਰਦੇ ਸਨ।

ਅਗਰਵਾਲ ਨੇ ਦੱਸਿਆ ਕਿ ਸਾਡੇ ਵਿਸ਼ਲੇਸ਼ਣ ਮੁਤਾਬਕ ਕੱਚੀ ਨੀਂਦ ਲੈਣ ਵਾਲੇ ਲੋਕ ਅਗਲੇ ਮੀਲ ਦੇ ਸਮੇਂ ਲੋੜ ਤੋਂ ਜ਼ਿਆਦਾ ਖਾਣਾ ਖਾ ਸਕਦੇ ਹਨ। ਉਹ ਅਜਿਹੇ ਫੂਡ ਨੂੰ ਆਪਣੇ ਖਾਣ-ਪੀਣ ’ਚ ਸ਼ਾਮਲ ਕਰ ਸਕਦੇ ਹਨ, ਜੋ ਸਿਹਤ ਦੇ ਲਿਹਾਜ਼ ਨਾਲ ਸਹੀ ਨਹੀਂ ਹੁੰਦੇ। ਸਟੱਡੀ ਦੇ ਲੀਡ ਆਥਰ ਫਾਰਿਸ ਜੁਰੈਕਾਟ ਨੇ ਕਿਹਾ ਕਿ ਖਰਾਬ ਨੀਂਦ ਲੈਣ ਨਾਲ ਲੋਕਾਂ ਦੇ ਹੰਗਰ ਸਿਗਨਲ ਵੱਧ ਐਕਟਿਵ ਹੋ ਜਾਂਦੇ ਹਨ ਜਾਂ ਪੇਟ ਭਰਨ ਦਾ ਅਹਿਸਾਸ ਕਰਵਾਉਣ ਵਾਲੇ ਸਿਗਨਲ ਸੁਸਤ ਪੈ ਜਾਂਦੇ ਹਨ। ਇਸ ਕਰ ਕੇ ਲੋਕ ਵੱਧ ਖਾਣਾ ਅਤੇ ਕੈਲੋਰੀ ਲੈਣ ਲੱਗਦੇ ਹਨ।


Karan Kumar

Content Editor

Related News