ਲੋਕ ਸਭਾ ਚੋਣਾਂ: ਪੰਜਾਬ 'ਚ 1967 'ਚ ਹੋਈ ਸੀ ਸਭ ਤੋਂ ਵੱਧ 71.13% ਵੋਟਿੰਗ, 1992 'ਚ ਸਿਰਫ਼ 23%

04/09/2024 12:43:12 PM

ਚੰਡੀਗੜ੍ਹ (ਹਰੀਸ਼ਚੰਦਰ): ਪੰਜਾਬ ਦੇ ਪੁਨਰਗਠਨ ਤੋਂ ਬਾਅਦ ਪਿਛਲੇ 57 ਸਾਲਾਂ ਦੌਰਾਨ ਸੂਬੇ ’ਚ ਵੋਟਰਾਂ ਦੀ ਗਿਣਤੀ ’ਚ 3 ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋ ਚੁੱਕਾ ਹੈ। ਪੰਜਾਬ ਦੇ ਹਰਿਆਣਾ ਤੋਂ ਵੱਖ ਹੋਣ ਤੋਂ ਬਾਅਦ 1967 ਵਿਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਵਿਚ ਕੁੱਲ 63,11,501 ਵੋਟਰ ਸਨ ਜਦਕਿ ਸੂਬੇ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਅਨੁਸਾਰ 2024 ਦੀਆਂ ਲੋਕ ਸਭਾ ਚੋਣਾਂ ’ਚ 2,13,21,705 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਹੁਣ ਤੱਕ ਹੋਈਆਂ 14 ਲੋਕ ਸਭਾ ਚੋਣਾਂ ਵਿਚ ਸਭ ਤੋਂ ਵੱਧ ਵੋਟਿੰਗ 1967 ਵਿਚ ਹੀ ਦਰਜ ਕੀਤੀ ਗਈ ਜਦੋਂ 44,89,663 ਭਾਵ 71.13 ਫ਼ੀਸਦੀ ਵੋਟਰਾਂ ਨੇ ਵੋਟ ਪਾਈ ਸੀ। ਖ਼ਾਸ ਗੱਲ ਇਹ ਹੈ ਕਿ ਉਸ ਸਮੇਂ ਪੰਜਾਬ ਭਰ ਵਿਚ 6866 ਪੋਲਿੰਗ ਸਟੇਸ਼ਨ ਬਣਾਏ ਗਏ ਸਨ, ਜਿਨ੍ਹਾਂ ਦੀ ਗਿਣਤੀ ਵਧਾ ਕੇ 2024 ਦੀਆਂ ਲੋਕ ਸਭਾ ਚੋਣਾਂ ਲਈ 24,433 ਕਰ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਸੁਖਬੀਰ ਬਾਦਲ ਲਈ ਅਗਨੀ ਪ੍ਰੀਖਿਆ ਬਣੀਆਂ ਇਹ 2 ਸੀਟਾਂ, ਪਾਰਟੀ ਦੇ ਵੱਡੇ ਲੀਡਰਾਂ 'ਚ ਫਸਿਆ ਪੇਚ

ਖ਼ਾਸ ਗੱਲ ਇਹ ਹੈ ਕਿ ਸਾਲ 1989 ਵਿਚ ਪੰਜਾਬ ’ਚ ਮਰਦ ਵੋਟਰਾਂ ਦੀ ਗਿਣਤੀ 69,63,068 ਸੀ, ਜੋ ਕਿ 22 ਸਾਲ ਪਹਿਲਾਂ 1967 ਦੇ ਕੁੱਲ ਵੋਟਰਾਂ ਤੋਂ ਵੀ ਜ਼ਿਆਦਾ ਸਨ। ਇਸ ਤੋਂ ਸਿਰਫ਼ ਦੋ ਲੋਕ ਸਭਾ ਚੋਣਾਂ ਬਾਅਦ 1996 ਵਿਚ ਮਹਿਲਾ ਵੋਟਰਾਂ ਦੀ ਗਿਣਤੀ ਨੇ 1967 ਦੇ ਕੁੱਲ ਵੋਟਰਾਂ ਦਾ ਰਿਕਾਰਡ ਤੋੜ ਦਿੱਤਾ। 1996 ’ਚ ਪੰਜਾਬ ’ਚ 68,55,344 ਮਹਿਲਾ ਵੋਟਰ ਸਨ।

ਪੰਜਾਬ ’ਚ ਦੋ ਮੌਕੇ ਅਜਿਹੇ ਵੀ ਆਏ ਹਨ ਜਦੋਂ ਪੂਰੇ ਦੇਸ਼ ਨਾਲ ਇੱਥੇ ਚੋਣਾਂ ਨਹੀਂ ਹੋਈਆਂ। ਸਾਲ 1984 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖ ਵਿਰੋਧੀ ਦੰਗਿਆਂ ਕਾਰਨ ਇੱਥੇ ਚੋਣਾਂ ਮੁਲਤਵੀ ਕਰਨੀਆਂ ਪਈਆਂ ਸਨ ਅਤੇ 1985 ਵਿਚ ਆਸਾਮ ਦੇ ਨਾਲ ਇੱਥੇ ਚੋਣਾਂ ਕਰਵਾਈਆਂ ਗਈਆਂ ਸਨ। ਇਸ ਤੋਂ ਬਾਅਦ 1991 ਵਿਚ ਜਦੋਂ ਪੂਰੇ ਦੇਸ਼ ਵਿਚ ਚੋਣਾਂ ਸਨ ਤਾਂ ਪੰਜਾਬ ਵਿਚ ਅੱਤਵਾਦ ਕਾਰਨ ਚੋਣਾਂ ਮੁਲਤਵੀ ਕਰਨੀਆਂ ਪਈਆਂ। ਉਸ ਸਮੇਂ ਬਹੁਤ ਸਾਰੇ ਸਿਆਸੀ ਕਤਲਾਂ ਕਾਰਨ 1992 ਵਿਚ ਚੋਣਾਂ ਹੋ ਸਕੀਆਂ ਸਨ ਪਰ ਦਹਿਸ਼ਤ ਦੇ ਸਾਏ ਹੇਠ ਵੋਟਿੰਗ ਸਿਰਫ਼ 23.96 ਫ਼ੀਸਦੀ ਤੱਕ ਹੀ ਪਹੁੰਚ ਸਕੀ ਸੀ। ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਇਤਿਹਾਸ ਵਿਚ ਇਹ ਹੁਣ ਤੱਕ ਦੀ ਸਭ ਤੋਂ ਘੱਟ ਵੋਟਿੰਗ ਪ੍ਰਤੀਸ਼ਤਤਾ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਪੰਜਾਬ 'ਚ ਹੁਣ ਤਕ ਸਿਰਫ਼ ਇਕ ਮਹਿਲਾ ਉਮੀਦਵਾਰ ਨੂੰ ਮਿਲੀ ਟਿਕਟ

ਸਾਲ        ਕੁੱਲ੍ਹ ਵੋਟਰ        ਵੋਟ               ਪ੍ਰਤੀਸ਼ਤਤਾ

1971        69,50,385         41,63,167        59.90

1977        81,63,885        57,25,795        70.14

1980        97,41,135        61,03,192        62.65

1985        1,07,37,064        72,32,374        67.36

1989        1,29,48,035        81,14,095        62.67

1992        1,31,69,797        31,55,523        23.96

1996        1,44,89,825        90,19,302        62.25

1998        1,53,44,540        92,17,254        60.07

1999        1,57,17,304        88,19,200        56.11

2004        1,66,15,399        1,02,32,519        61.59

2009        1,69,58,380        1,18,29,308        69.78

2014        1,96,08,161        1,38,49,496        70.63

2019        2,03,74,375        1,37,65,432        67.6

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News