ਲੋਕ ਸਭਾ ਮੈਂਬਰ ਬਣਨ ਦੇ ਹਨ ਕਈ ਫ਼ਾਇਦੇ, ਜਾਣੋ ਕਿਹੜੀਆਂ ਮਿਲਦੀਆਂ ਨੇ ਸ਼ਾਨਦਾਰ ਸਹੂਲਤਾਂ

04/16/2024 3:15:40 PM

ਚੰਡੀਗੜ੍ਹ (ਹਰੀਸ਼ ਚੰਦਰ) : ਦੇਸ਼ ਭਰ ’ਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਹਰ ਪਾਰਟੀ ਦੇ ਉਮੀਦਵਾਰ ਇੱਥੋਂ ਤੱਕ ਕਿ ਆਜ਼ਾਦ ਉਮੀਦਵਾਰ ਵੀ ਲੋਕ ਸਭਾ ਦਾ ਦਰਵਾਜ਼ਾ ਖੜਕਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਕੀ ਲੋਕ ਸਿਰਫ਼ ਸਿਆਸੀ ਤੇ ਸਮਾਜਿਕ ਰੁਤਬਾ ਹਾਸਲ ਕਰਨ ਲਈ ਲੋਕ ਸਭਾ ਦੇ ਮੈਂਬਰ ਬਣਨਾ ਚਾਹੁੰਦੇ ਹਨ? ਆਪਣੀ ਪਾਰਟੀ ਜਾਂ ਇਲਾਕੇ ’ਚ ਲੋਕ ਸਭਾ ਮੈਂਬਰ ਬਣਨ ’ਤੇ ਨਾ ਸਿਰਫ਼ ਰੁਤਬਾ ਵੱਧਦਾ ਹੈ, ਸਗੋਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਲੋਕ ਸਭਾ ਮੈਂਬਰ ਤੇ ਉਸ ਦੇ ਜੀਵਨ ਸਾਥੀ ਨੂੰ ਲੋਕ ਸਭਾ ਸਕੱਤਰੇਤ ਵੱਲੋਂ ਦਿੱਤਾ ਜਾਂਦਾ ਹੈ। ਇਸ ’ਚ ਤਨਖ਼ਾਹ, ਭੱਤੇ, ਪੈਨਸ਼ਨ, ਮੁਫ਼ਤ ਹਵਾਈ ਅਤੇ ਰੇਲ ਯਾਤਰਾ, ਰਿਹਾਇਸ਼, ਮੁਫ਼ਤ ਬਿਜਲੀ ਅਤੇ ਪਾਣੀ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਕਿਸੇ ਵੇਲੇ ਵੀ ਹੋ ਸਕਦੈ ਵੱਡਾ ਧਮਾਕਾ! ਪੁਰਾਣੇ ਆਗੂ ਤੇ ਵਰਕਰ ਲੈਣਗੇ ਸਖ਼ਤ ਫ਼ੈਸਲਾ
ਤਨਖ਼ਾਹ, ਭੱਤੇ ਅਤੇ ਪੈਨਸ਼ਨ
ਲੋਕ ਸਭਾ ਮੈਂਬਰ ਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ। ਹਰ 5 ਸਾਲ ਬਾਅਦ ਇਸ ਨੂੰ ਮਹਿੰਗਾਈ ਦਰ ਦੇ ਹਿਸਾਬ ਨਾਲ ਵਧਾਇਆ ਜਾਂਦਾ ਹੈ। ਉਸ ਨੂੰ ਚੋਣ ਖੇਤਰ ਭੱਤੇ ਵਜੋਂ 45,000 ਰੁਪਏ ਮਹੀਨਾ ਮਿਲਦਾ ਹੈ। ਇਸ ਤੋਂ ਇਲਾਵਾ ਸਟੇਸ਼ਨਰੀ ਤੇ ਡਾਕ ਆਦਿ ਲਈ 15,000 ਰੁਪਏ ਅਤੇ ਪੀ. ਏ. ਜਾਂ ਸਹਿਯੋਗੀ ਲਈ 30,000 ਰੁਪਏ ਮਹੀਨਾਵਾਰ ਦਿੱਤੇ ਜਾਂਦੇ ਹਨ। ਇਹ ਰਕਮ ਲੋਕ ਸਭਾ ਸਕੱਤਰੇਤ ਤੋਂ ਸਿੱਧੀ ਉਕਤ ਸਹਿਯੋਗੀ ਦੇ ਖਾਤੇ ’ਚ ਭੇਜੀ ਜਾਂਦੀ ਹੈ। ਲੋਕ ਸਭਾ ਮੈਂਬਰ ਨੂੰ ਰੋਜ਼ਾਨਾ ਭੱਤੇ ਵਜੋਂ 2,000 ਰੁਪਏ ਮਿਲਦੇ ਹਨ। ਇਹ ਭੱਤਾ ਉਸ ਨੂੰ ਉਦੋਂ ਦਿੱਤਾ ਜਾਂਦਾ ਹੈ, ਜਦੋਂ ਉਹ ਲੋਕ ਸਭਾ ਸੈਸ਼ਨ ਤੇ ਲੋਕ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੀਆਂ ਮੀਟਿੰਗਾਂ ’ਚ ਸ਼ਾਮਲ ਹੁੰਦਾ ਹੈ ਬਸ਼ਰਤੇ ਉਸ ਦਿਨ ਉਸ ਨੇ ਲੋਕ ਸਭਾ ਸਕੱਤਰੇਤ ਦੇ ਰਜਿਸਟਰ ’ਚ ਆਪਣੇ ਦਸਤਖ਼ਤ ਕੀਤੇ ਹੋਣ। ਖ਼ਾਸ ਗੱਲ ਇਹ ਹੈ ਕਿ ਲੋਕ ਸਭਾ ਸੈਸ਼ਨ ਲਈ 3 ਵਾਧੂ ਦਿਨ ਤੇ ਕਮੇਟੀ ਦੀਆਂ ਮੀਟਿੰਗਾਂ ਲਈ 2 ਵਾਧੂ ਦਿਨਾਂ ਲਈ ਉਹ ਰੋਜ਼ਾਨਾ ਭੱਤਾ ਲੈ ਸਕਦੇ ਹਨ, ਮਤਲਬ ਕਿ ਇਹ ਰਕਮ ਉਨ੍ਹਾਂ ਨੂੰ ਮੀਟਿੰਗ ਲਈ ਦਿੱਲੀ ਪਹੁੰਚਣ ਤੋਂ ਪਹਿਲਾਂ ਜਾਂ ਬਾਅਦ ’ਚ ਠਹਿਰਣ ਲਈ ਦਿੱਤੀ ਜਾਂਦੀ ਹੈ। ਸਾਬਕਾ ਲੋਕ ਸਭਾ ਮੈਂਬਰ ਨੂੰ ਇੱਕ ਵਾਰ ਲੋਕ ਸਭਾ ਮੈਂਬਰ ਬਣਨ ’ਤੇ 29,000 ਰੁਪਏ ਦੀ ਪੈਨਸ਼ਨ ਮਿਲਦੀ ਹੈ, ਜਦੋਂ ਕਿ ਜੇ ਉਹ ਉਸ ਤੋਂ ਬਾਅਦ ਵੀ ਲੋਕ ਸਭਾ ਮੈਂਬਰ ਰਹਿੰਦਾ ਹੈ ਤਾਂ ਉਹ ਪ੍ਰਤੀ ਸਾਲ 1,500 ਰੁਪਏ ਦੀ ਵਾਧੂ ਪੈਨਸ਼ਨ ਦਾ ਹੱਕਦਾਰ ਹੁੰਦਾ ਹੈ।
ਯਾਤਰਾ
ਲੋਕ ਸਭਾ ਮੈਂਬਰ ਨੂੰ ਇੱਕ ਸਾਲ ’ਚ 34 ਮੁਫ਼ਤ ਹਵਾਈ ਟਿਕਟਾਂ ਮਿਲਦੀਆਂ ਹਨ। ਇਨ੍ਹਾਂ ’ਚੋਂ 8 ਟਿਕਟਾਂ ’ਤੇ ਆਪਣੇ ਜੀਵਨ ਸਾਥੀ ਜਾਂ ਕਿਸੇ ਹੋਰ ਸਾਥੀ ਨੂੰ ਵੀ ਨਾਲ ਲਿਜਾ ਸਕਦੇ ਹਨ। ਲੋਕ ਸਭਾ ਮੈਂਬਰ ਦੀ ਪਤਨੀ ਜਾਂ ਪਤੀ 8 ਵਾਰ ਇਕੱਲੇ ਵੀ ਦਿੱਲੀ ਜਾ ਸਕਦੇ ਹਨ। ਇੱਕ ਸਾਲ ’ਚ ਜਿੰਨੀਆਂ ਹਵਾਈ ਟਿਕਟਾਂ ਬਚ ਜਾਂਦੀਆਂ ਹਨ, ਉਨ੍ਹਾਂ ਨੂੰ ਅਗਲੇ ਸਾਲ ਦੇ ਕੋਟੇ ’ਚ ਜੋੜ ਦਿੱਤਾ ਜਾਂਦਾ ਹੈ। ਰੇਲ ਰਾਹੀਂ ਲੋਕ ਸਭਾ ਮੈਂਬਰ ਆਪਣੇ ਜੀਵਨ ਸਾਥੀ ਨਾਲ ਫਸਟ ਕਲਾਸ ਏ. ਸੀ. ਜਾਂ ਐਗਜ਼ੀਕਿਊਟਿਵ ਕਲਾਸ ’ਚ ਕਿਤੇ ਵੀ ਸਫ਼ਰ ਕਰ ਸਕਦੇ ਹਨ। ਉਸ ਦੇ ਪੀ. ਏ. ਜਾਂ ਸਹਿਕਰਮੀ ਨੂੰ ਉਸੇ ਰੇਲ ’ਚ ਸੈਕਿੰਡ ਕਲਾਸ ’ਚ ਮੁਫ਼ਤ ਯਾਤਰਾ ਕਰਨ ਦੀ ਸਹੂਲਤ ਮਿਲ ਸਕਦੀ ਹੈ। ਇਸ ਲਈ ਮੁਫ਼ਤ ਰੇਲਵੇ ਪਾਸ ਜਾਰੀ ਕੀਤਾ ਜਾਂਦਾ ਹੈ। ਇੱਕ ਲੋਕ ਸਭਾ ਮੈਂਬਰ ਦਾ ਜੀਵਨ ਸਾਥੀ 8 ਵਾਰ ਫਸਟ ਕਲਾਸ ਏ.ਸੀ./ਐਗਜ਼ੀਕਿਊਟਿਵ ਕਲਾਸ ਤੋਂ ਦਿੱਲੀ ਦੀ ਯਾਤਰਾ ਕਰ ਸਕਦਾ ਹੈ, ਜਿਸ ਵਿਚ ਮੌਨਸੂਨ ਸੈਸ਼ਨ ਤੇ ਸਰਦ ਰੁੱਤ ਸੈਸ਼ਨ ਲਈ 1-1 ਵਾਰ ਅਤੇ ਬਜਟ ਸੈਸ਼ਨ ਦੌਰਾਨ 2 ਵਾਰ ਆਉਣਾ-ਜਾਣਾ ਸ਼ਾਮਲ ਹੈ। ਜਿਸ ਲੋਕ ਸਭਾ ਮੈਂਬਰ ਦਾ ਜੀਵਨ ਸਾਥੀ ਨਹੀਂ ਹੈ, ਉਹ ਕਿਸੇ ਨੂੰ ਵੀ ਆਪਣੇ ਨਾਲ ਲਿਜਾ ਸਕਦਾ ਹੈ। ਸਾਬਕਾ ਲੋਕ ਸਭਾ ਮੈਂਬਰ ਨੂੰ ਆਪਣੇ ਸਾਥੀ ਨਾਲ ਸੈਕਿੰਡ ਕਲਾਸ ਏ.ਸੀ. ਰੇਲ ਰਾਹੀਂ ਕਿਤੇ ਵੀ ਸਫ਼ਰ ਕਰਨ ਦੀ ਸਹੂਲਤ ਮਿਲਦੀ ਹੈ। ਇਕੱਲੇ ਸਫ਼ਰ ਕਰਨ ਸਮੇਂ ਲੋਕ ਸਭਾ ਸੰਸਦ ਮੈਂਬਰ ਵੀ ਫਸਟ ਕਲਾਸ ’ਚ ਵੀ ਸਫ਼ਰ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਲੋਕ ਸਭਾ ਸਕੱਤਰੇਤ ਤੋਂ ਜਾਰੀ ਕੀਤਾ ਸਾਬਕਾ ਲੋਕ ਸਭਾ ਮੈਂਬਰ ਦਾ ਕਾਰਡ ਦਿਖਾਉਣਾ ਹੋਵੇਗਾ। ਲੋਕ ਸਭਾ ਮੈਂਬਰ ਜੇਕਰ ਸੜਕ ਰਾਹੀਂ ਸਫ਼ਰ ਕਰਦਾ ਹੈ ਤਾਂ ਉਸ ਨੂੰ 16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਪਰੋਸੇ ਜਾਂਦੇ ਮਿਡ-ਡੇਅ ਮੀਲ ਨੂੰ ਲੈ ਕੇ ਵੱਡਾ ਖ਼ੁਲਾਸਾ, ਜਾਰੀ ਹੋਏ ਸਖ਼ਤ ਨਿਰਦੇਸ਼
ਰਿਹਾਇਸ਼ ਅਤੇ ਬਿਜਲੀ-ਪਾਣੀ
ਲੋਕ ਸਭਾ ਹਾਊਸ ਕਮੇਟੀ ਦੀ ਹਾਊਸਿੰਗ ਸਬ-ਕਮੇਟੀ ਲੋਕ ਸਭਾ ਮੈਂਬਰ ਨੂੰ ਦਿੱਲੀ ’ਚ ਰਿਹਾਇਸ਼ ਅਲਾਟ ਕਰਦੀ ਹੈ। ਦਿੱਲੀ ’ਚ ਉਨ੍ਹਾਂ ਨੂੰ ਲਾਈਸੈਂਸ ਫੀਸ ਫ਼ਰੀ ਫਲੈਟ ਜਾਂ ਹੋਸਟਲ ’ਚ ਰਿਹਾਇਸ਼ ਦੀ ਸਹੂਲਤ ਮਿਲਦੀ ਹੈ, ਜਦਕਿ ਜੇ ਉਨ੍ਹਾਂ ਨੂੰ ਬੰਗਲਾ ਮਿਲਦਾ ਹੈ ਤਾਂ ਉਨ੍ਹਾਂ ਨੂੰ ਆਮ ਲਾਈਸੈਂਸ ਫ਼ੀਸ ਦਾ ਪੂਰਾ ਭੁਗਤਾਨ ਕਰਨਾ ਪੈਂਦਾ ਹੈ। ਲੋਕ ਸਭਾ ਮੈਂਬਰ ਦੀ ਰਿਹਾਇਸ਼ ’ਤੇ ਹਰ 3 ਮਹੀਨਿਆਂ ਬਾਅਦ ਸੋਫਾ ਕਵਰ ਅਤੇ ਪਰਦੇ ਧੁਆਏ ਜਾਂਦੇ ਹਨ। ਲੋਕ ਸਭਾ ਮੈਂਬਰ ਦੀ ਸੇਵਾਮੁਕਤੀ ਜਾਂ ਅਸਤੀਫ਼ੇ ਤੋਂ ਬਾਅਦ 1 ਮਹੀਨੇ ਤੱਕ ਅਤੇ ਮੌਤ ਹੋਣ ’ਤੇ 6 ਮਹੀਨੇ ਤੱਕ ਰਿਹਾਇਸ਼ ਖ਼ਾਲੀ ਨਹੀਂ ਕਰਵਾਈ ਜਾਂਦੀ। ਲੋਕ ਸਭਾ ਮੈਂਬਰ ਨੂੰ ਅਲਾਟ ਕੀਤੀ ਰਿਹਾਇਸ਼ ’ਤੇ ਹਰ ਸਾਲ 4,000 ਲੀਟਰ ਪਾਣੀ ਤੇ 50,000 ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ। ਨਿੱਜੀ ਰਿਹਾਇਸ਼ ’ਚ ਰਹਿਣ ਵਾਲੇ ਲੋਕ ਸਭਾ ਮੈਂਬਰ ਨੂੰ ਵੀ ਇਹ ਸਹੂਲਤ ਦਿੱਤੀ ਜਾਂਦੀ ਹੈ। ਇੱਕ ਸਾਲ ’ਚ ਵਰਤੇ ਨਾ ਜਾਣ ਵਾਲੇ ਬਿਜਲੀ-ਪਾਣੀ ਦੇ ਯੂਨਿਟ ਨੂੰ ਅਗਲੇ ਸਾਲ ’ਚ ਵਰਤਿਆ ਜਾ ਸਕਦਾ ਹੈ। ਹਰ ਮਹੀਨੇ 500 ਰੁਪਏ ਦਾ ਭੁਗਤਾਨ ਲੋਕ ਸਭਾ ਮੈਂਬਰ ਵੱਲੋਂ ਕੀਤਾ ਜਾਂਦਾ ਹੈ, ਜਿਸ ਨਾਲ ਉਸ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਮਿਲ ਸਕਣ।
ਟੈਲੀਫੋਨ ਦੀ ਸਹੂਲਤ
ਦਿੱਲੀ ’ਚ 50,000 ਮੁਫ਼ਤ ਲੋਕਲ ਕਾਲਾਂ ਦੀ ਸਹੂਲਤ ਨਾਲ ਫੋਨ ਮਿਲਦਾ ਹੈ। ਸੰਸਦ ਮੈਂਬਰ ਆਪਣੇ ਸੂਬੇ ’ਚ ਵੀ ਦੋ ਫੋਨਾਂ ’ਤੇ ਇੰਨੀਆਂ ਹੀ ਮੁਫ਼ਤ ਕਾਲ ਦੀ ਸਹੂਲਤ ਲੈ ਸਕਦਾ ਹੈ। ਜੇ ਉਸ ਦੇ ਨਾਂ ’ਤੇ ਇਹ ਤਿੰਨੇ ਫੋਨ ਹਨ ਤਾਂ ਉਸ ਨੂੰ ਇਨ੍ਹਾਂ ’ਤੇ ਵੀ ਡੇਢ ਲੱਖ ਮੁਫ਼ਤ ਕਾਲਾਂ ਦੀ ਸਹੂਲਤ ਵੀ ਮਿਲਦੀ ਹੈ। ਇਨ੍ਹਾਂ ਲੈਂਡ ਲਾਈਨ ਫੋਨਾਂ ਤੋਂ ਟਰੰਕ ਕਾਲ ਕਰਨ ਦੇ ਮਾਮਲੇ ’ਚ ਉਨ੍ਹਾਂ ਨੂੰ ਮਿਲਣ ਵਾਲੀਆਂ ਲੋਕਲ ਕਾਲਾਂ ਨਾਲ ਐਡਜਸਟ ਕਰ ਦਿੱਤਾ ਜਾਂਦਾ ਹੈ। ਦਿੱਲੀ ’ਚ ਐੱਮ. ਟੀ. ਐੱਨ. ਐੱਲ. ਤੇ ਪੰਜਾਬ ’ਚ ਬੀ. ਐੱਸ. ਐੱਨ. ਐੱਲ. ਜਾਂ ਪ੍ਰਾਈਵੇਟ ਆਪਰੇਟਰ ਤੋਂ ਨੈਸ਼ਨਲ ਰੋਮਿੰਗ ਸਹੂਲਤ ਵਾਲਾ ਸਿਮ ਲੈਣ ’ਤੇ ਉਸ ਦੇ ਬਿੱਲ ਦਾ ਭੁਗਤਾਨ ਇਨ੍ਹਾਂ ਲੈਂਡਲਾਈਨ ਫੋਨ ਕਾਲਾਂ ਨਾਲ ਐਡਜਸਟ ਕੀਤਾ ਜਾਵੇਗਾ। ਲੋਕ ਸਭਾ ਮੈਂਬਰ ਜੇ ਬਰਾਡਬੈਂਡ ਦੀ ਵਰਤੋਂ ਕਰਦਾ ਹੈ ਤਾਂ ਐੱਮ. ਟੀ. ਐੱਨ. ਐੱਲ/ਬੀ. ਐੱਸ. ਐੱਨ. ਐੱਲ. ਨੂੰ ਸਰਕਾਰ ਸਿੱਧੇ ਤੌਰ ’ਤੇ 1,500 ਰੁਪਏ ਦਾ ਮਹੀਨਾਵਾਰ ਭੁਗਤਾਨ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News