ਜਬਰ ਜਨਾਹ ਦੇ ਕੇਸ ''ਚ ਫਸਾਉਣ ਦੀ ਧਮਕੀ ਦੇ ਕੇ ਠੱਗੇ 2.5 ਲੱਖ, ਫਿਰ ਪ੍ਰੇਮੀ ਨੇ ਬਣਾਇਆ ਖਤਰਨਾਕ ਪਲਾਨ

Friday, Jul 26, 2024 - 04:59 PM (IST)

ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ 23 ਜੁਲਾਈ ਨੂੰ ਸਰਧਾਨਾ ਖੇਤਰ ਵਿੱਚ ਇੱਕ ਨਾਬਾਲਗ ਲੜਕੀ ਦੀ ਲਾਸ਼ ਗੰਨੇ ਦੇ ਖੇਤ ਵਿੱਚ ਪਈ ਮਿਲੀ ਸੀ। ਮ੍ਰਿਤਕ ਲੜਕੀ ਦੀ ਪਛਾਣ ਇਲਾਕੇ ਦੀ ਰਹਿਣ ਵਾਲੀ ਮਹਿਕ ਵਜੋਂ ਹੋਈ ਹੈ, ਜੋ ਕਿ 21 ਜੁਲਾਈ 2024 ਤੋਂ ਲਾਪਤਾ ਸੀ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ, ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਗੈਂਗਰੇਪ ਕਰਨ ਅਤੇ ਚਿਹਰੇ 'ਤੇ ਤੇਜ਼ਾਬ ਪਾ ਕੇ ਪਛਾਣ ਛੁਪਾਉਣ ਦਾ ਦੋਸ਼ ਲਗਾਇਆ ਹੈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਲੜਕੀ ਦੇ ਉਸੇ ਪਿੰਡ ਦੇ ਹੀ ਰਹਿਣ ਵਾਲੇ ਹਸੀਨ ਨਾਂ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਪੁਲਸ ਨੇ ਹਸੀਨ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ। ਇਸ ਤਰ੍ਹਾਂ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆ ਗਿਆ।

ਹਸੀਨ ਨੇ ਪੁਲਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਲੜਕੀ ਲਗਾਤਾਰ ਉਸ ਨੂੰ ਬਲੈਕਮੇਲ  ਕਰ ਰਹੀ ਸੀ ਤੇ ਉਸ ਤੋਂ ਪੈਸਿਆਂ ਦੀ ਮੰਗ ਕਰਦੀ ਸੀ। ਡੇਢ ਸਾਲ 'ਚ ਉਸ ਨੇ ਲੜਕੀ ਨੂੰ ਕਰੀਬ ਢਾਈ ਲੱਖ ਰੁਪਏ ਦਿੱਤੇ ਸਨ। ਇਸ ਤੋਂ ਇਲਾਵਾ ਹਸੀਨ ਨੇ ਪੁਲਸ ਨੂੰ ਦੱਸਿਆ ਕਿ ਉਹ ਕੋਈ ਕੰਮ ਨਹੀਂ ਕਰਦਾ ਤੇ ਆਪਣੇ ਭਰਾ ਨਾਲ ਦੁਕਾਨ 'ਤੇ ਬੈਠਦਾ ਸੀ। ਹਰ ਵਾਰ ਉਸ ਨੂੰ ਪੈਸਿਆਂ ਦਾ ਇੰਤਜ਼ਾਮ ਕਰਨਾ ਔਖਾ ਹੋ ਰਿਹਾ ਸੀ। ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੀ ਪ੍ਰੇਮਿਕਾ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ। ਮੁਲਜ਼ਮ ਉਸ ਨੂੰ ਰੈਸਟੋਰੈਂਟ ’ਚ ਜਾਣ ਦੇ ਬਹਾਨੇ ਬੁਲਾ ਕੇ ਸਕੂਟਰ ’ਤੇ ਪਿੰਡ ਦੇ ਇੱਕ ਗੰਨੇ ਦੇ ਖੇਤ ਵਿੱਚ ਲੈ ਗਿਆ। ਉੱਥੇ ਉਸ ਨੇ ਚਾਕੂ ਨਾਲ ਉਸ ਦੀ ਗਰਦਨ ਵੱਢ ਦਿੱਤੀ ਅਤੇ ਲਾਸ਼ ਉੱਥੇ ਹੀ ਸੁੱਟ ਦਿੱਤੀ ਅਤੇ ਭੱਜ ਗਿਆ।

ਇਸ ਮਾਮਲੇ ਵਿਚ ਐੱਸਪੀ ਦੇਹਤ ਕਮਲੇਸ਼ ਬਹਾਦੁਰ ਨੇ ਦੱਸਿਆ ਕਿ 23 ਤਰੀਕ ਨੂੰ ਮੇਰਠ ਦੇ ਸਰਧਾਨਾ ਇਲਾਕੇ ਵਿੱਚ ਇੱਕ ਨਾਬਾਲਗ ਲੜਕੀ ਦੀ ਲਾਸ਼ ਮਿਲੀ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਇਸੇ ਪਿੰਡ ਦੇ ਹੀ ਰਹਿਣ ਵਾਲੇ ਹਸੀਨ ਨਾਂ ਦੇ ਨੌਜਵਾਨ ਨੇ ਉਸ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਹੈ। ਇਸ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੂੰ ਪਤਾ ਲੱਗਾ ਕਿ ਹਸੀਨ ਅਤੇ ਕਿਸ਼ੋਰੀ ਦੋਸਤ ਸਨ। ਯੋਜਨਾ ਦੇ ਹਿੱਸੇ ਵਜੋਂ, ਹਸੀਨ ਨੇ 21 ਤਰੀਕ ਨੂੰ ਲੜਕੀ ਨੂੰ ਇੱਕ ਰੈਸਟੋਰੈਂਟ ਵਿੱਚ ਬੁਲਾਇਆ ਅਤੇ ਉਸਦਾ ਗਲਾ ਵੱਢ ਕੇ ਉਸਦੀ ਹੱਤਿਆ ਕਰ ਦਿੱਤੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਕਤਲ ਵਿੱਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ।

ਐੱਸਪੀ ਦੇਹਾਤ ਕਮਲੇਸ਼ ਬਹਾਦਰ ਨੇ ਦੱਸਿਆ ਕਿ ਲੜਕੀ ਦੇ ਮੁਲਜ਼ਮ ਨਾਲ ਪ੍ਰੇਮ ਸਬੰਧ ਸਨ ਅਤੇ ਲੜਕੀ ਉਸ ਨੂੰ ਜਬਰ ਜਨਾਹ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਬਲੈਕਮੇਲ ਕਰ ਰਹੀ ਸੀ। ਦੋਸ਼ੀ ਨੇ ਇਹ ਵੀ ਦੱਸਿਆ ਕਿ ਉਸ ਨੇ ਲੜਕੀ ਨੂੰ ਕਰੀਬ 2.5 ਲੱਖ ਰੁਪਏ ਦਿੱਤੇ ਸਨ, ਪਰ ਪੋਸਟਮਾਰਟਮ ਰਿਪੋਰਟ 'ਚ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਲਾਸ਼ 'ਤੇ ਤੇਜ਼ਾਬ ਪਾਇਆ ਗਿਆ ਸੀ।


Baljit Singh

Content Editor

Related News