ਵਧੇਰੇ ਸਫਾਈ ਕਾਰਣ ਵੀ ਬੱਚੇ ਹੋ ਸਕਦੇ ਨੇ ਸਾਹ ਦੀ ਬੀਮਾਰੀ ਦੇ ਸ਼ਿਕਾਰ

02/19/2020 6:35:40 PM

ਨਵੀਂ ਦਿੱਲੀ (ਏਜੰਸੀਆਂ)–ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਦਿਨ ਭਰ ਘਰ ਦੀ ਸਾਫ-ਸਫਾਈ 'ਚ ਹੀ ਲੱਗੇ ਰਹਿੰਦੇ ਹਨ। ਘਰ ਦੇ ਕਿਸੇ ਵੀ ਕੋਨੇ 'ਚ ਗੰਦਗੀ ਹੋਵੇ ਤਾਂ ਉਹ ਤੁਰੰਤ ਸਾਫ-ਸਫਾਈ 'ਚ ਜੁਟ ਜਾਂਦੇ ਹਨ। ਉਂਝ ਘਰ 'ਚ ਸਾਫ-ਸਫਾਈ ਰੱਖਣਾ ਇਕ ਚੰਗੀ ਆਦਤ ਹੈ ਕਿਉਂਕਿ ਇਸ ਨਾਲ ਘਰ 'ਚ ਬੀਮਾਰੀਆਂ ਨਹੀਂ ਪੈਦਾ ਹੁੰਦੀਆਂ ਪਰ ਹਾਲ ਹੀ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਘਰ ਦੀ ਬਹੁਤ ਜ਼ਿਆਦਾ ਸਾਫ-ਸਫਾਈ ਕਰਨ ਨਾਲ ਬੱਚਿਆਂ 'ਚ ਸਾਹ ਦੀ ਬੀਮਾਰੀ ਵਧ ਰਹੀ ਹੈ।

ਕਲੀਨਿੰਗ ਕੈਮੀਕਲ ਹਨ ਕਾਰਣ
ਇਕ ਖੋਜ ਮੁਤਾਬਕ ਘਰ ਦੀ ਸਾਫ-ਸਫਾਈ 'ਚ ਇਸਤੇਮਾਲ ਕੀਤੇ ਜਾ ਰਹੇ ਉਤਪਾਦਾਂ ਤੇ ਰਸਾਇਣਾਂ ਦਾ ਬੱਚਿਆਂ ਨੂੰ ਹੋ ਰਹੀਆਂ ਸਾਹ ਦੀਆਂ ਬੀਮਾਰੀਆਂ ਦਰਮਿਆਨ ਡੂੰਘਾ ਸਬੰਧ ਪਾਇਆ ਗਿਆ ਹੈ। ਖੋਜਕਾਰਾਂ ਨੇ ਇਸ ਲਈ 2000 ਨਵਜੰਮੇ ਬੱਚਿਆਂ 'ਤੇ ਖੋਜ ਕੀਤੀ। ਖੋਜ 'ਚ ਦੇਖਿਆ ਗਿਆ ਕਿ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਘਰ 'ਚ ਲਗਾਤਾਰ ਡਿਸ਼ਵਾਸ਼ ਡਿਟਰਜੈਂਟ, ਕੱਪੜੇ ਧੋਣ ਵਾਲੇ ਡਿਟਰਜੈਂਟ ਅਤੇ ਜ਼ਮੀਨ ਨੂੰ ਸਾਫ ਕਰਨ ਵਾਲੇ ਰਸਾਇਣਾਂ ਨੂੰ ਇਸਤੇਮਾਲ ਕਰਦੇ ਹਨ, ਉਨ੍ਹਾਂ 'ਚ ਸਾਹ ਦੀ ਬੀਮਾਰੀ ਦੀ ਸੰਭਾਵਨਾ ਪਾਈ ਜਾਂਦੀ ਹੈ। ਇਸ ਨਾਲ ਬੱਚਿਆਂ 'ਚ ਤਿੰਨ ਸਾਲ ਦੀ ਉਮਰ 'ਚ ਅਸਥਮਾ ਹੋਣ ਦਾ ਖਤਰਾ 37 ਫੀਸਦੀ ਤੱਕ ਵਧ ਜਾਂਦਾ ਹੈ।

ਸਾਹ ਦੀ ਨਾਲੀ ਰਾਹੀਂ ਪਹੁੰਚਦੇ ਹਨ ਹਾਨੀਕਾਰਕ ਕੈਮੀਕਲ
ਖੋਜਕਾਰਾਂ ਮੁਤਾਬਕ ਸਾਫ-ਸਫਾਈ 'ਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਸੰਪਰਕ 'ਚ ਰਹਿਣ ਵਾਲੇ ਬੱਚਿਆਂ ਦੀ ਸਾਹ ਨਾਲੀ ਨੂੰ ਨੁਕਸਾਨ ਪਹੁੰਚਦਾ ਹੈ। ਇਸ ਕਾਰਣ ਸਾਹ ਨਾਲੀ 'ਚ ਸੋਜ ਆ ਜਾਂਦੀ ਹੈ। ਵਿਗਿਆਨੀਆਂ ਦੀ ਮੰਨੀਏ ਤਾਂ ਗੱਡੀਆਂ ਅਤੇ ਉਦਯੋਗਾਂ ਕਾਰਣ ਘਰ ਤੋਂ ਬਾਹਰ ਹੋ ਰਹੇ ਪ੍ਰਦੂਸ਼ਣ ਤੋਂ ਬਾਅਦ ਹੁਣ ਘਰ ਦੇ ਅੰਦਰ ਹੋ ਰਹੇ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਹਨ।

ਅਸਥਮਾ ਦੇ ਮਰੀਜ਼ਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਬਚਣਾ ਚਾਹੀਦਾ :
1. ਅਸਥਮਾ ਦੇ ਮਰੀਜ਼ਾਂ ਨੂੰ ਧੂੜ, ਮਿੱਟੀ ਅਤੇ ਪ੍ਰਦੂਸ਼ਣ ਤੋਂ ਬਚਣਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਇਸ ਲਈ ਪ੍ਰਦੂਸ਼ਣ ਮਾਸਕ ਦਾ ਵੀ ਇਸਤੇਮਾਲ ਕਰ ਸਕਦੇ ਹੋ।
2. ਅਸਥਮਾ ਦੇ ਮਰੀਜ਼ਾਂ ਨੂੰ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
3. ਘਰੇਲੂ ਨੁਸਖੇ ਦੇ ਤੌਰ 'ਤੇ ਅਸਥਮਾ ਦੇ ਮਰੀਜ਼ਾਂ ਨੂੰ ਤੁਲਸੀ ਦੇ ਪੱਤਿਆਂ 'ਚ ਸ਼ਹਿਦ ਅਤੇ ਕਾਲੀ ਮਿਰਚ ਭਿਓਂ ਕੇ ਖਾਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਕਾਫੀ ਆਰਾਮ ਮਿਲਦਾ ਹੈ।
4. ਦਮੇ ਦੇ ਰੋਗੀਆਂ ਨੂੰ ਰੋਜ਼ਾਨਾ ਘੱਟ ਤੋਂ ਘੱਟ 10 ਤੋਂ 12 ਗਲਾਸ ਪਾਣੀ ਪੀਣਾ ਚਾਹੀਦਾ ਹੈ। ਦਮੇ ਦੇ ਰੋਗੀਆਂ ਨੂੰ ਸਮੇਂ-ਸਮੇਂ 'ਤੇ ਡਾਕਟਰ ਤੋਂ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।


Karan Kumar

Content Editor

Related News