ਪ੍ਰਦੂਸ਼ਣ ਦਾ ‘ਜ਼ਹਿਰ’ ਨਵੀਂ ਪੀੜ੍ਹੀ ਨੂੰ ਕਰ ਰਿਹੈ ਬੀਮਾਰ! ਤੇਜ਼ੀ ਨਾਲ ਵੱਧ ਰਹੇ ਸਾਹ ਤੇ ਮਾਨਸਿਕ ਤਣਾਅ ਦੇ ਮਰੀਜ਼

Thursday, Nov 20, 2025 - 11:17 AM (IST)

ਪ੍ਰਦੂਸ਼ਣ ਦਾ ‘ਜ਼ਹਿਰ’ ਨਵੀਂ ਪੀੜ੍ਹੀ ਨੂੰ ਕਰ ਰਿਹੈ ਬੀਮਾਰ! ਤੇਜ਼ੀ ਨਾਲ ਵੱਧ ਰਹੇ ਸਾਹ ਤੇ ਮਾਨਸਿਕ ਤਣਾਅ ਦੇ ਮਰੀਜ਼

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਸਮਾਜ ਸੇਵਕਾਂ ਨੇ ਪ੍ਰਦੂਸ਼ਣ ਦੀ ਗੰਭੀਰ ਹੋ ਰਹੀ ਸਮੱਸਿਆ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਸਮਾਜ ਸੇਵੀ ਸਤਪਾਲ ਮੌੜ ਤੇ ਸੁਰਿੰਦਰ ਕੁਮਾਰ ਆੜ੍ਹਤੀ ਭਦੌੜ ਨੇ ਸਾਂਝੇ ਬਿਆਨ ’ਚ ਕਿਹਾ ਕਿ ਹਵਾ, ਪਾਣੀ ਅਤੇ ਭੋਜਨ ’ਚ ਜ਼ਹਿਰੀਲੇ ਤੱਤਾਂ ਦੀ ਵਧ ਰਹੀ ਮਾਤਰਾ ਕਾਰਨ ਆਉਣ ਵਾਲੀ ਪੀੜ੍ਹੀ ਗੰਭੀਰ ਅਤੇ ਜਾਨਲੇਵਾ ਬੀਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਸਮਾਂ ਰਹਿੰਦਿਆਂ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ’ਚ ਇਸ ਦੇ ਬਹੁਤ ਭਿਆਨਕ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ।

ਨੌਜਵਾਨਾਂ ਅਤੇ ਬੱਚਿਆਂ ’ਤੇ ਮੰਡਰਾ ਰਿਹਾ ਖਤਰਾ

ਸਮਾਜ ਸੇਵਕਾਂ ਨੇ ਆਪਣੇ ਬਿਆਨ ’ਚ ਦੱਸਿਆ ਕਿ ਜਿਸ ਰਫਤਾਰ ਨਾਲ ਸਾਡੇ ਵਾਤਾਵਰਣ ’ਚ ਜ਼ਹਿਰੀਲੇ ਤੱਤ ਵੱਧ ਰਹੇ ਹਨ, ਉਸੇ ਅਨੁਪਾਤ ’ਚ ਬੱਚਿਆਂ ਅਤੇ ਨੌਜਵਾਨਾਂ ਦੀ ਸਿਹਤ ਵੀ ਤੇਜ਼ੀ ਨਾਲ ਵਿਗੜ ਰਹੀ ਹੈ। ਇਕ ਸਮਾਂ ਸੀ ਜਦੋਂ ਦਿਲ ਅਤੇ ਫੇਫੜਿਆਂ ਨਾਲ ਸਬੰਧਤ ਬੀਮਾਰੀਆਂ ਮੁੱਖ ਤੌਰ ’ਤੇ ਬਜ਼ੁਰਗਾਂ ’ਚ ਦੇਖੀਆਂ ਜਾਂਦੀਆਂ ਸਨ ਪਰ ਹੁਣ ਇਹੀ ਗੰਭੀਰ ਸਿਹਤ ਸਮੱਸਿਆਵਾਂ ਬੱਚਿਆਂ ’ਚ ਵੀ ਦੇਖਣ ਨੂੰ ਮਿਲ ਰਹੀਆਂ ਹਨ, ਜੋ ਕਿ ਇਕ ਬਹੁਤ ਹੀ ਚਿੰਤਾਜਨਕ ਸੰਕੇਤ ਹੈ। ਬਰਨਾਲਾ ’ਚ ਹਾਲ ਹੀ ਵਿਚ ਹਵਾ ਗੁਣਵੱਤਾ ਸੂਚਕਾਂਕ (AQI) ਦਾ ਖਤਰਨਾਕ ਪੱਧਰ ’ਤੇ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਕਿ ਸ਼ਹਿਰ ਦੀ ਹਵਾ ‘ਜ਼ਹਿਰੀਲੀ’ ਹੋ ਚੁੱਕੀ ਹੈ, ਜਿਸ ਦਾ ਸਭ ਤੋਂ ਬੁਰਾ ਅਸਰ ਕਮਜ਼ੋਰ ਇਮਿਊਨਿਟੀ ਵਾਲੇ ਬੱਚਿਆਂ ਅਤੇ ਬਜ਼ੁਰਗਾਂ ’ਤੇ ਪੈ ਰਿਹਾ ਹੈ। ਹਸਪਤਾਲਾਂ ’ਚ ਸਾਹ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਤਣਾਅ ਦੇ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

ਖੇਤੀ ’ਚ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ- ਦੋਹਰੀ ਮਾਰ

ਸਮੱਸਿਆ ਸਿਰਫ ਹਵਾ ਤੱਕ ਸੀਮਿਤ ਨਹੀਂ ਹੈ। ਸਮਾਜ ਸੇਵਕਾਂ ਨੇ ਖੇਤੀ ਖੇਤਰ ’ਚ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਜ਼ਿਆਦਾ ਵਰਤੋਂ ’ਤੇ ਵੀ ਚਿੰਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਅੰਨ੍ਹੇਵਾਹ ਵਰਤੋਂ ਨੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਪਾਣੀ ਦੇ ਸਰੋਤਾਂ ਦੋਵਾਂ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ।
ਜਦੋਂ ਅਸੀਂ ਆਪਣੀਆਂ ਫਸਲਾਂ ਵਿਚ ਬਹੁਤ ਜ਼ਿਆਦਾ ਰਸਾਇਣ ਪਾਉਂਦੇ ਹਾਂ, ਤਾਂ ਇਹ ਜ਼ਹਿਰ ਨਾ ਸਿਰਫ ਮਿੱਟੀ ਨੂੰ ਮਾਰਦਾ ਹੈ, ਸਗੋਂ ਮੀਂਹ ਜਾਂ ਸਿੰਚਾਈ ਦੇ ਪਾਣੀ ਨਾਲ ਜ਼ਮੀਨ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰਦਾ ਹੈ। ਅੰਤ ’ਚ ਇਹੀ ਦੂਸ਼ਿਤ ਪਾਣੀ ਅਤੇ ਭੋਜਨ ਸਾਡੇ ਸਰੀਰ ’ਚ ਦਾਖਲ ਹੁੰਦਾ ਹੈ, ਜਿਸ ਕਾਰਨ ਅਸੀਂ ਬੀਮਾਰੀਆਂ ਦੇ ਸਾਗਰ ’ਚ ਡੁੱਬਦੇ ਜਾ ਰਹੇ ਹਾਂ।

ਕੁਦਰਤ ਦੀ ਰੱਖਿਆ ਲਈ ਨਿੱਜੀ ਯਤਨ ਹੀ ਇਕੋ-ਇਕ ਹੱਲ

ਸਮਾਜ ਸੇਵੀ ਸਤਪਾਲ ਮੌੜ ਤੇ ਸੁਰਿੰਦਰ ਕੁਮਾਰ ਆੜ੍ਹਤੀ ਭਦੌੜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਸਰਕਾਰ ਜਾਂ ਪ੍ਰਸ਼ਾਸਨ ਦੇ ਭਰੋਸੇ ਨਾ ਰਹਿ ਕੇ, ਆਪਣੇ ਨਿੱਜੀ ਪੱਧਰ ’ਤੇ ਕੁਦਰਤ ਦੀ ਰੱਖਿਆ ਲਈ ਅੱਗੇ ਆਉਣ। ਹਰ ਵਿਅਕਤੀ ਇਕ ਬੂਟਾ ਲਾਵੇ ਅਤੇ ਉਸ ਦੀ ਦੇਖਭਾਲ ਯਕੀਨੀ ਬਣਾਵੇ। ਪਲਾਸਟਿਕ ਦੀ ਵਰਤੋਂ ਪੂਰੀ ਤਰ੍ਹਾਂ ਘੱਟ ਕਰੇ ਜਾਂ ਬੰਦ ਕਰ ਦੇਵੇ। ਪਲਾਸਟਿਕ ਨਾ ਸਿਰਫ ਜ਼ਮੀਨ ਨੂੰ ਬੰਜਰ ਕਰਦਾ ਹੈ, ਸਗੋਂ ਜਲ ਸਰੋਤਾਂ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ। ਗੱਡੀ ਚਲਾਉਣ ਦੀ ਬਜਾਏ ਸਾਈਕਲ ਚਲਾਉਣ ਜਾਂ ਪੈਦਲ ਤੁਰਨ ਦੀ ਆਦਤ ਪਾਵੇ। ਇਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਵਿਅਕਤੀ ਖੁਦ ਵੀ ਸਿਹਤਮੰਦ ਰਹੇਗਾ।

ਜਾਗਣ ਦਾ ਸਮਾਂ ਆ ਗਿਐ

ਆਪਣੇ ਬਿਆਨ ਦੇ ਅੰਤ ’ਚ ਸਮਾਜ ਸੇਵਕਾਂ ਨੇ ਸਖਤ ਸ਼ਬਦਾਂ ’ਚ ਚਿਤਾਵਨੀ ਦਿੱਤੀ ਕਿ “ਜੇ ਅਸੀਂ ਅੱਜ ਕੁਦਰਤ ਦੀ ਰੱਖਿਆ ਪ੍ਰਤੀ ਗੰਭੀਰ ਨਾ ਹੋਏ, ਤਾਂ ਕੱਲ ਸਾਡੀ ਅਗਲੀ ਪੀੜ੍ਹੀ ਬੀਮਾਰੀਆਂ ਦੇ ਸਾਗਰ ’ਚ ਡੁੱਬ ਜਾਵੇਗੀ। ਹੁਣ ਸਮਾਂ ਹੈ ਜਾਗਣ ਦਾ, ਬਚਾਉਣ ਦਾ ਅਤੇ ਇਕ ਸਿਹਤਮੰਦ ਭਵਿੱਖ ਬਣਾਉਣ ਦਾ। ਉਨ੍ਹਾਂ ਉਮੀਦ ਜਤਾਈ ਕਿ ਬਰਨਾਲਾ ਦਾ ਨਾਗਰਿਕ ਭਾਈਚਾਰਾ ਇਸ ਗੰਭੀਰ ਚਿਤਾਵਨੀ ਨੂੰ ਸਮਝੇਗਾ ਅਤੇ ਵਾਤਾਵਰਣ ਨੂੰ ਬਚਾਉਣ ਲਈ ਸਰਗਰਮ ਕਦਮ ਚੁੱਕੇਗਾ। ਇਕ ਸਿਹਤਮੰਦ ਸਮਾਜ ਅਤੇ ਸਿਹਤਮੰਦ ਪੀੜ੍ਹੀ ਸਿਰਫ ਸਮੂਹਿਕ ਯਤਨਾਂ ਨਾਲ ਹੀ ਸੰਭਵ ਹੈ।


author

Anmol Tagra

Content Editor

Related News