ਸ਼ਖ਼ਸ ਨੇ ਐਮਾਜ਼ੋਨ ਤੋਂ ਆਰਡਰ ਕੀਤਾ 1 ਲੱਖ ਰੁਪਏ ਦਾ ਲੈਪਟਾਪ, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼

Thursday, May 09, 2024 - 07:20 PM (IST)

ਗੈਜੇਟ ਡੈਸਕ- ਆਨਲਾਈਨ ਸ਼ਾਪਿੰਗ ਕਰਨ ਵਾਲੇ ਲੋਕਾਂ ਨੂੰ ਕਈ ਵਾਰ ਆਪਣੀ ਉਮੀਦ ਦੇ ਅਨੁਸਾਰ ਪ੍ਰੋਡਕਟ ਨਹੀਂ ਮਿਲਦਾ ਅਤੇ ਕਦੇ ਖ਼ਰਾਬ, ਪੁਰਾਣਾ ਜਾਂ ਕੋਈ ਦੂਜਾ ਸਾਮਾਨ ਮਿਲਣ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋਣਾ ਪੈਂਦਾ ਹੈ। ਹਾਲ ਹੀ 'ਚ ਆਨਲਾਈਨ ਸ਼ਾਪਿੰਗ ਕਰਦੇ ਸਮੇਂ ਰੋਹਨ ਦਾਸ ਨਾਂ ਦੇ ਇਕ ਗਾਹਕ ਨਾਲ ਧੋਖਾ ਹੋ ਗਿਆ। ਰੋਹਨ ਨੇ ਐਮਾਜ਼ੋਨ ਤੋਂ 1 ਲੱਖ ਰੁਪਏ ਦੀ ਕੀਮਤ ਵਾਲਾ ਲੈਪਟਾਪ ਆਰਡਰ ਕੀਤਾ ਸੀ ਪਰ ਉਸਨੂੰ ਜੋ ਪੈਕੇਜ ਮਿਲਿਆ ਉਸ ਵਿਚ ਉਸਦੀ ਉਮੀਦ ਮੁਤਾਬਕ, ਕੁਝ ਨਹੀਂ ਸੀ। ਨਵਾਂ ਲੈਪਟਾਪ ਆਉਣ ਦੀ ਬਜਾਏ ਉਸਨੂੰ ਇਕ ਇਸਤੇਮਾਲ ਕੀਤਾ ਹੋਇਆ ਲੈਪਟਾਪ ਮਿਲਿਆ।

ਇੰਝ ਮਿਲਿਆ ਧੋਖਾ

ਉਸ ਨੂੰ ਮਿਲਿਆ ਲੈਪਟਾਪ ਬਿਲਕੁਲ ਨਵਾਂ ਨਹੀਂ ਸੀ। ਅਸਲ ਵਿਚ ਉਸ ਨਾਲ ਧੋਖਾ ਹੋਇਆ ਸੀ। ਰੋਹਨ ਨੇ 30 ਅਪ੍ਰੈਲ ਨੂੰ ਐਮਾਜ਼ੋਨ ਤੋਂ ਲੇਨੋਵੋ ਲੈਪਟਾਪ ਆਰਡਰ ਕੀਤਾ ਸੀ, ਜੋ ਉਸ ਨੂੰ 7 ਮਈ ਨੂੰ ਮਿਲਿਆ ਸੀ ਪਰ ਜਦੋਂ ਉਸ ਨੇ ਲੇਨੋਵੋ ਦੀ ਵੈੱਬਸਾਈਟ 'ਤੇ ਜਾ ਕੇ ਵਾਰੰਟੀ ਚੈੱਕ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਵਾਰੰਟੀ ਦਸੰਬਰ 2023 'ਚ ਹੀ ਸ਼ੁਰੂ ਹੋ ਗਈ ਸੀ। ਇਸ ਦਾ ਮਤਲਬ ਹੈ ਕਿ ਉਸ ਨੂੰ ਮਿਲਿਆ ਲੈਪਟਾਪ ਪਹਿਲਾਂ ਹੀ ਵਰਤਿਆ ਗਿਆ ਸੀ। ਇਸ ਤੋਂ ਨਾਰਾਜ਼ ਰੋਹਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਵੀਡੀਓ ਬਣਾ ਕੇ ਸਭ ਨੂੰ ਆਪਣੀ ਸਮੱਸਿਆ ਦੱਸੀ। ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਰੋਹਨ ਨੇ ਵੀਡੀਓ 'ਚ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਸ ਨੂੰ ਬਹੁਤ ਬੁਰਾ ਲੱਗਾ ਕਿ ਉਸ ਨੂੰ ਪੂਰੀ ਕੀਮਤ 'ਤੇ ਵਰਤਿਆ ਗਿਆ ਲੈਪਟਾਪ ਦਿੱਤਾ ਗਿਆ। ਵੀਡੀਓ ਵਿੱਚ ਉਸਨੇ ਲੋਕਾਂ ਨੂੰ ਐਮਾਜ਼ੋਨ ਤੋਂ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਸੌ ਵਾਰ ਸੋਚਣ ਦੀ ਚੇਤਾਵਨੀ ਦਿੱਤੀ। ਉਸਨੇ ਕਿਹਾ ਕਿ ਅਜਿਹਾ ਨਾ ਹੋਵੇ ਕਿ ਤੁਸੀਂ ਵੀ ਉਸ ਵਾਂਗ ਧੋਖਾ ਖਾ ਜਾਓ।

ਰੋਹਨ ਦੀ ਇਹ ਵੀਡੀਓ "ਮੈਨੂੰ ਐਮਾਜ਼ੋਨ ਨੇ ਧੋਖਾ ਦਿੱਤਾ!" ਕਾਫੀ ਚਰਚਾ 'ਚ ਆ ਗਈ ਲੋਕਾਂ ਨੇ ਉਸ ਦਾ ਸਮਰਥਨ ਕੀਤਾ। ਕਈ ਲੋਕਾਂ ਨੇ ਕੁਮੈਂਟਸ ਵਿੱਚ ਉਸਨੂੰ ਅਦਾਲਤ ਵਿੱਚ ਕੇਸ ਦਾਇਰ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਉਹ ਖਪਤਕਾਰ ਅਦਾਲਤ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਉਣ ਅਤੇ ਆਪਣੇ ਪੈਸੇ ਵਾਪਸ ਕਰਵਾਉਣ ਦੀ ਕੋਸ਼ਿਸ਼ ਕਰਨ।

ਕੰਪਨੀ ਨੇ ਦਿੱਤਾ ਇਹ ਜਵਾਬ

ਰੋਹਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਮਾਜ਼ੋਨ ਨੇ ਵੀ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਮੁਆਫੀ ਮੰਗੀ ਅਤੇ ਰੋਹਨ ਨੂੰ ਹੋਰ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਤਾਂ ਜੋ ਉਹ ਸਮੱਸਿਆ ਨੂੰ ਹੱਲ ਕਰ ਸਕਣ। ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਨੂੰ ਸਿੱਧੇ ਲੇਨੋਵੋ ਨਾਲ ਸੰਪਰਕ ਕਰਨਾ ਚਾਹੀਦਾ ਹੈ ਪਰ ਰੋਹਨ ਨੇ ਕਿਹਾ ਕਿ ਲੇਨੋਵੋ ਦੀ ਟੀਮ ਨੇ ਜਵਾਬ ਦਿੱਤਾ ਹੈ ਕਿ ਉਹ ਆਪਣੇ ਡਾਟਾਬੇਸ ਵਿੱਚ ਨਿਰਮਾਣ ਦੀ ਮਿਤੀ ਰੱਖਦੇ ਹਨ ਪਰ ਵਾਰੰਟੀ ਅਸਲ ਵਿੱਚ ਉਸ ਸਮੇਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਗਾਹਕ ਲੈਪਟਾਪ ਖਰੀਦਦਾ ਹੈ।


Rakesh

Content Editor

Related News