ਟ੍ਰੇਨਿੰਗ ਲਈ ਫਿਨਲੈਂਡ ਭੇਜੇ ਗਏ ਪੰਜਾਬ ਦੇ 72 ਅਧਿਆਪਕ, ਮੰਤਰੀ ਹਰਜੋਤ ਬੈਂਸ ਨੇ ਕੀਤਾ ਰਵਾਨਾ
Saturday, Nov 15, 2025 - 06:52 PM (IST)
ਚੰਡੀਗੜ੍ਹ– ਕਲਾਸਰੂਮ ਸਿੱਖਿਆ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਅਤੇ ਸਿੱਖਿਆ ਪ੍ਰਣਾਲੀ ਵਿੱਚ ਵਿਸ਼ਵ ਦੇ ਬਿਹਤਰ ਅਭਿਆਸਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਫਿਨਲੈਂਡ ਦੀ ਯੂਨੀਵਰਸਿਟੀ ਆਫ ਤੁਰਕੂ ਵਿਖੇ 15 ਦਿਨਾਂ ਦੀ ਸਿਖਲਾਈ ਵਾਸਤੇ ਪ੍ਰਾਇਮਰੀ ਕਾਡਰ ਦੇ 72 ਅਧਿਆਪਕਾਂ ਦੇ ਤੀਜੇ ਬੈਚ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਬੈਚ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ. ਪੀ. ਈ. ਓ), ਸੈਂਟਰ ਹੈੱਡ ਟੀਚਰ (ਸੀ. ਐੱਚ. ਟੀ), ਹੈੱਡ ਟੀਚਰ (ਐੱਚ. ਟੀ) ਅਤੇ ਈ. ਟੀ. ਟੀ. ਅਧਿਆਪਕ ਸ਼ਾਮਲ ਸਨ, ਜੋ ਫਿਨਲੈਂਡ ਦੇ ਵਿਸ਼ਵ-ਪ੍ਰਸਿੱਧ ਟੀਚਿੰਗ ਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦਾ ਫ਼ੈਸਲਾ, 24 ਨਵੰਬਰ ਨੂੰ ਅਨੰਦਪੁਰ ਸਾਹਿਬ 'ਚ ਹੋਵੇਗਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਅੱਜ ਇਥੇ ਮੈਗਸੀਪਾ ਵਿਖੇ ਅਧਿਆਪਕਾਂ ਦੇ ਬੈਚ ਨੂੰ ਹਰੀ ਝੰਡੀ ਵਿਖਾਉਣ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਬੈਚ ਦੀ ਸਿਖਲਾਈ ਨਾਲ ਫਿਨਲੈਂਡ ਦੀਆਂ ਅਧਿਆਪਨ ਵਿਧੀਆਂ ਬਾਰੇ ਸਿਖਲਾਈ ਹਾਸਲ ਕਰਨ ਵਾਲੇ ਅਧਿਆਪਕਾਂ ਦੀ ਕੁੱਲ੍ਹ ਗਿਣਤੀ 216 ਹੋ ਜਾਵੇਗੀ। ਇਹ ਕਦਮ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਵਿੱਚ ਸਾਕਾਰਤਮਕ ਬਦਲਾਅ ਲਿਆਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ 50 ਮੁੱਖ ਅਧਿਆਪਕਾਂ ਦਾ ਪੰਜਵਾਂ ਬੈਚ 15 ਤੋਂ 19 ਦਸੰਬਰ, 2025 ਤੱਕ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐੱਮ.), ਅਹਿਮਦਾਬਾਦ ਵਿਖੇ ਇੱਕ ਲੀਡਰਸ਼ਿਪ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗਾ।
ਇਹ ਵੀ ਪੜ੍ਹੋ: ਜਲੰਧਰ ਦੀ ਆਬੋ ਹਵਾ ਹੋਈ ਜ਼ਹਿਰੀਲੀ! ਵੱਧਣ ਲੱਗੀਆਂ ਗੰਭੀਰ ਬੀਮਾਰੀਆਂ, ਇੰਝ ਕਰੋ ਬਚਾਅ

ਪੰਜਾਬ ਸਰਕਾਰ ਦੀ ਦੇਸ਼ ਵਿੱਚੋਂ ਸਰਬੋਤਮ ਅਧਿਆਪਕ ਸਮਰੱਥਾ-ਨਿਰਮਾਣ ਪਹਿਲਕਦਮੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ 234 ਪ੍ਰਿੰਸੀਪਲਾਂ ਅਤੇ ਵਿਦਿਅਕ ਪ੍ਰਬੰਧਕਾਂ ਨੂੰ ਸਿੰਗਾਪੁਰ ਵਿਖੇ ਉੱਨਤ ਪ੍ਰਬੰਧਕੀ ਅਤੇ ਅਕਾਦਮਿਕ ਲੀਡਰਸ਼ਿਪ ਵਿੱਚ ਸਿਖਲਾਈ ਦਿਵਾਈ ਗਈ ਹੈ। ਉਨ੍ਹਾਂ ਦੱਸਿਆ ਕਿ 199 ਹੈੱਡਮਾਸਟਰਾਂ ਨੇ ਆਈ.ਆਈ.ਐਮ. ਅਹਿਮਦਾਬਾਦ ਵਿਖੇ ਆਪਣੇ ਰਣਨੀਤਕ ਅਤੇ ਪ੍ਰਬੰਧਕੀ ਹੁਨਰਾਂ ਨੂੰ ਨਿਖਾਰਿਆ ਹੈ ਅਤੇ ਹੁਣ ਤੱਕ 144 ਪ੍ਰਾਇਮਰੀ ਅਧਿਆਪਕਾਂ ਵੱਲੋਂ ਫਿਨਲੈਂਡ ਵਿੱਚ ਸਿਖਲਾਈ ਮੁਕੰਮਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੋਗਤਾ ਦੇ ਆਧਾਰ 'ਤੇ ਚੁਣੇ ਗਏ ਇਹ ਅਧਿਆਪਕ "ਮਾਸਟਰ ਟ੍ਰੇਨਰਾਂ" ਵਜੋਂ ਕੰਮ ਕਰਨਗੇ ਅਤੇ ਇਸ ਸਿਖਲਾਈ ਰਾਹੀਂ ਪ੍ਰਾਪਤ ਗਿਆਨ ਅਤੇ ਹੁਨਰਾਂ ਨੂੰ ਵਾਪਸ ਆ ਕੇ ਆਪਣੇ ਸਾਥੀ ਅਧਿਆਪਕਾਂ ਤੱਕ ਪਹੁੰਚਾਉਣਗੇ, ਜਿਸ ਨਾਲ ਸੂਬੇ ਦੀ ਸਿੱਖਿਆ ਪ੍ਰਣਾਲੀ 'ਤੇ ਬਹੁਪੱਖੀ ਸਕਾਰਾਤਮਕ ਪ੍ਰਭਾਵ ਪਵੇਗਾ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਿਰਫ਼ ਇਕ ਸਿਖਲਾਈ ਪ੍ਰੋਗਰਾਮ ਨਹੀਂ ਹੈ ਸਗੋਂ ਇਹ ਪੰਜਾਬ ਦੇ ਭਵਿੱਖ ਨੂੰ ਨਵਾਂ ਰੂਪ ਦੇਣ ਦਾ ਇਕ ਮਿਸ਼ਨ ਹੈ। ਫਿਨਲੈਂਡ ਦੇ ਸਹਿਯੋਗੀ ਸਿਖਲਾਈ ਮਾਡਲਾਂ ਤੋਂ ਲੈ ਕੇ ਆਈ. ਆਈ. ਐੱਮ. ਅਹਿਮਦਾਬਾਦ ਦੇ ਰਣਨੀਤਕ ਲੀਡਰਸ਼ਿਪ ਢਾਂਚੇ ਤੱਕ ਦੁਨੀਆ ਦੀਆਂ ਸਰਬੋਤਮ ਵਿਦਿਅਕ ਪ੍ਰਣਾਲੀਆਂ ਬਾਰੇ ਆਪਣੇ ਅਧਿਆਪਕਾਂ ਨੂੰ ਜਾਣਕਾਰੀ ਪ੍ਰਦਾਨ ਕਰਕੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਵਿਦਿਆਰਥੀਆਂ ਨੂੰ ਵਿਸ਼ਵ-ਪੱਧਰੀ ਮਿਆਰ ਦੀ ਸਿੱਖਿਆ ਮਿਲੇ ਜੋ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰੇ। ਇਨ੍ਹਾਂ ਸਿਖਲਾਈ ਪ੍ਰਾਪਤ ਅਧਿਆਪਕਾਂ ਦਾ ਪ੍ਰਭਾਵ ਸੂਬੇ ਭਰ ਦੇ ਹਰ ਕਲਾਸਰੂਮ ਵਿੱਚ ਮਹਿਸੂਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ 19 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ! ਜਾਣੋ ਮੀਂਹ ਨੂੰ ਲੈ ਕੇ ਵਿਭਾਗ ਦੀ ਤਾਜ਼ਾ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
