ਵਕੀਲਾਂ ਨੇ ਵਿਧਾਇਕਾ ਨਰਿੰਦਰ ਕੌਰ ਭਰਾਜ ਖ਼ਿਲਾਫ਼ ਖੋਲ੍ਹਿਆ ਮੋਰਚਾ, ਪੜ੍ਹੋ ਪੂਰੀ ਖ਼ਬਰ
Saturday, Nov 22, 2025 - 09:46 AM (IST)
ਸੰਗਰੂਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਮੌਜੂਦਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਆਪਣੇ ਸਾਰੇ ਸਮਾਗਮਾਂ ਤੋਂ ਹਟਾਉਣ ਦਾ ਮਤਾ ਪਾਸ ਕੀਤਾ। ਵਿਧਾਇਕਾ 'ਤੇ ਇਕ ਨਿੱਜੀ ਜ਼ਮੀਨੀ ਵਿਵਾਦ 'ਚ ਬੇਲੋੜੀ ਦਖ਼ਲ-ਅੰਦਾਜ਼ੀ ਕਰਨ ਅਤੇ ਸਥਾਨਕ ਪ੍ਰਸ਼ਾਸਨ 'ਤੇ ਦਬਾਅ ਪਾਉਣ ਦਾ ਦੋਸ਼ ਹੈ। ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਕਿ ਵਿਧਾਇਕਾ ਨੂੰ ਉਦੋਂ ਤੱਕ ਕਿਸੇ ਵੀ ਸਮਾਗਮ 'ਚ ਸੱਦਾ ਨਹੀਂ ਦਿੱਤਾ ਜਾਵੇਗਾ, ਜਦੋਂ ਤੱਕ ਉਹ ਲਿਖ਼ਤੀ, ਬਿਨਾਂ ਸ਼ਰਤ ਮੁਆਫ਼ੀ ਨਹੀਂ ਮੰਗ ਲੈਂਦੇ।
ਐਸੋਸੀਏਸ਼ਨ ਵਲੋਂ ਪੁਨੀਆ ਟਾਵਰ ਚੌਂਕ ਨੇੜੇ ਲੁਧਿਆਣਾ ਸਟੇਟ ਹਾਈਵੇਅ-11 'ਤੇ ਧਰਨਾ-ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ 'ਚ ਸੰਗਰੂਰ ਦੇ ਐੱਸ. ਐੱਚ. ਓ. ਦੇ ਤਬਾਦਲੇ ਦੀ ਮੰਗ ਕੀਤੀ ਗਈ। ਵਕੀਲਾਂ ਦਾ ਦੋਸ਼ ਹੈ ਕਿ ਵਿਧਾਇਕ ਭਰਾਜ ਦੀ ਮਦਦ ਨਾਲ ਵਕੀਲ ਦੇ ਪਲਾਟ 'ਚ ਕੰਧ ਕੱਢੀ ਜਾ ਰਹੀ ਹੈ ਅਤੇ ਵਿਧਾਇਕਾ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੀ ਸ਼ੈਅ 'ਤੇ ਵਕੀਲਾਂ ਨਾਲ ਬੇ-ਇਨਸਾਫ਼ੀ ਹੋ ਰਹੀ ਹੈ। ਜਦੋਂ ਇਸ ਬਾਰੇ ਨਰਿੰਦਰ ਕੌਰ ਭਰਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ 'ਚ ਵਿਧਾਇਕ ਜਾਂ ਫਿਰ ਵਕੀਲ ਦਾ ਕੋਈ ਮਸਲਾ ਨਹੀਂ ਹੈ। ਇਹ ਦੋ ਧਿਰਾਂ ਦੀ ਆਪਸੀ ਲੜਾਈ ਹੈ। ਇਸ ਦੀ ਮੇਰੇ ਕੋਲ ਮੁਹੱਲਾ ਵਾਸੀਆਂ ਦੀ ਸ਼ਿਕਾਇਤ ਆਈ ਸੀ, ਜਿਸ ਨੂੰ ਮੇਰੇ ਵਲੋਂ ਏ. ਡੀ. ਸੀ. ਕੋਲ ਪੜਤਾਲ ਲਈ ਭੇਜ ਦਿੱਤਾ ਗਿਆ ਹੈ।
