ਜਨਮ ਦਿਨ ਮੌਕੇ ਤਲਵਾਰ ਨਾਲ ਕੇਕ ਕੱਟਣਾ ਪਿਆ ਮਹਿੰਗਾ, ਤਸਵੀਰਾਂ ਵਾਇਰਲ ਹੁੰਦੇ ਹੀ ਪਈ ਭਸੂੜੀ
Friday, Oct 23, 2020 - 12:27 PM (IST)
ਨਾਗਪੁਰ- ਮਹਾਰਾਸ਼ਟਰ 'ਚ ਨਾਗਪੁਰ ਪੁਲਸ ਨੇ ਜਨਮ ਦਿਨ ਮਨਾਉਣ ਲਈ ਤਲਵਾਰ ਨਾਲ ਕੇਕ ਕੱਟਣ ਦੇ ਮਾਮਲੇ 'ਚ 19 ਸਾਲਾ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀਆਂ ਤਲਵਾਰ ਨਾਲ ਕੇਕ ਕੱਟਦੇ ਸਮੇਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ, ਜਿਸ ਤੋਂ ਬਾਅਦ ਨਾਗਪੁਰ ਪੁਲਸ ਦੀ ਅਪਰਾਧ ਸ਼ਾਖਾ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ। ਪਾਰਡੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ,''ਦੋਸ਼ੀ ਨਿਖਿਲ ਪਟੇਲ ਨੇ 21 ਅਕਤੂਬਰ ਨੂੰ ਆਪਣਾ ਜਨਮ ਦਿਨ ਮਨਾਇਆ ਸੀ। ਉਹ ਅਤੇ ਉਸ ਦੇ ਦੋਸਤ ਉਸ ਦਿਨ ਤੜਕੇ, ਚਾਰ ਵੱਡੇ ਕੇਕ ਲੈ ਕੇ ਆਏ।
ਇਸ ਤੋਂ ਬਾਅਦ ਪਟੇਲ ਨੇ ਤਲਵਾਰ ਕੱਢੀ ਅਤੇ ਆਪਣੇ ਦੋਸਤਾਂ ਦੀ ਮੌਜੂਦਗੀ 'ਚ ਚਾਰੇ ਕੇਕ ਕੱਟੇ।'' ਉਨ੍ਹਾਂ ਨੇ ਕਿਹਾ,''ਤਲਵਾਰ ਨਾਲ ਕੇਕ ਕੱਟਣ ਦਾ ਵੀਡੀਓ ਅਤੇ ਤਸਵੀਰਾਂ ਵਟਸਐੱਪ ਅਤੇ ਹੋਰ ਸੋਸ਼ਲ ਮੀਡੀਆ ਮੰਚਾਂ 'ਤੇ ਵਾਇਰਲ ਹੋ ਗਈਆਂ। ਇਸ ਤੋਂ ਬਾਅਦ ਅਪਰਾਧ ਸ਼ਾਖਾ ਨੇ ਪਟੇਲ ਦੇ ਘਰ ਛਾਪਾ ਮਾਰਿਆ ਅਤੇ ਤਲਵਾਰ ਬਰਾਮਦ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ।'' ਪਟੇਲ ਵਿਰੁੱਧ ਹਥਿਆਰ ਕਾਨੂੰਨ ਅਤੇ ਮੁੰਬਈ ਪੁਲਸ ਕਾਨੂੰਨ ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।