ਮਾਤਾ ਵੈਸ਼ਨੋ ਦੇਵੀ ਧਾਮ : ਪੌੜੀਆਂ ਦੀ ਥਾਂ ਹੁਣ ਐਲੀਵੇਟਰ ਰਾਹੀਂ ਦਰਸ਼ਨ ਕਰਨਗੇ ਸ਼ਰਧਾਲੂ
Saturday, Mar 17, 2018 - 09:42 AM (IST)
ਜੰਮੂ (ਕਮਲ)— ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂ ਛੇਤੀ ਹੀ ਹੁਣ ਪੌੜੀਆਂ ਦੀ ਥਾਂ ਐਲੀਵੇਟਰ ਰਾਹੀਂ ਦਰਸ਼ਨ ਕਰ ਸਕਣਗੇ। ਭਵਨ ਖੇਤਰ ਵਿਚ ਯਾਤਰੀਆਂ ਦੀ ਸਹੂਲਤ ਅਤੇ ਸੁਚਾਰੂ ਆਵਾਜਾਈ ਨੂੰ ਦੇਖਦੇ ਹੋਏ ਕਈ ਥਾਵਾਂ ਅਤੇ ਮਾਰਗਾਂ 'ਤੇ ਪੌੜੀਆਂ ਦੇ ਨਾਲ ਉੱਚ ਸਮਰੱਥਾ ਦੇ ਐਲੀਵੇਟਰ ਲਗਾਉਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਗਈ ਹੈ।
ਉਕਤ ਫੈਸਲਾ ਰਾਜਪਾਲ ਐੱਨ. ਐੱਨ. ਵੋਹਰਾ ਦੀ ਪ੍ਰਧਾਨਗੀ ਵਿਚ ਸ਼ੁੱਕਰਵਾਰ ਨੂੰ ਰਾਜ ਭਵਨ ਜੰਮੂ ਵਿਚ ਸ਼੍ਰੀ ਮਾਤਾ ਵੈਸ਼ਣੇ ਦੇਵੀ ਸ਼੍ਰਾਈਨ ਬੋਰਡ ਦੀ 62ਵੀਂ ਬੈਠਕ ਵਿਚ ਲਿਆ ਗਿਆ। ਬੈਠਕ ਵਿਚ ਭਵਨ ਲਈ ਮਨਜ਼ੂਰ ਕੀਤੇ ਗਏ ਮਾਸਟਰ ਪਲਾਨ ਦੇ ਪਹਿਲੇ ਪੜਾਅ ਵਿਚ 2021 ਤੱਕ ਅਤੇ ਦੂਜੇ ਪੜਾਅ ਵਿਚ 2031 ਤੱਕ ਐਲੀਵੇਟਰ ਦਾ ਕੰਮ ਪੂਰਾ ਕਰਨ ਦਾ ਪ੍ਰਸਤਾਵ ਹੈ।
ਪਹਿਲੇ ਪੜਾਅ ਵਿਚ ਪ੍ਰਸਤਾਵਿਤ ਕੰਮਾਂ ਵਿਚ ਭਵਨ ਖੇਤਰ ਵਿਚ ਯਾਤਰੀਆਂ ਦੀ ਸਹੀ ਆਵਾਜਾਈ ਅਤੇ ਕਈ ਥਾਵਾਂ ਅਤੇ ਮਾਰਗਾਂ 'ਤੇ ਪੌੜੀਆਂ ਨਾਲ ਉੱਚ ਸਮਰੱਥਾ ਐਲੀਵੇਟਰ ਲਗਾਉਣ, ਯਾਤਰੀਆਂ ਦੇ ਰੱਸ਼ ਨੂੰ ਘੱਟ ਕਰਨ ਲਈ ਮਾਰਗ ਦੀ ਚੌੜਾਈ, ਯਾਤਰਾ ਮਾਰਗਾਂ ਦੀ ਢਲਾਨ ਵਿਚ ਸੁਧਾਰ, ਯਾਤਰੀਆਂ ਨੂੰ ਆਰਾਮ ਕਰਨ ਦਾ ਸਥਾਨ ਮੁਹੱਈਆ ਕਰਵਾਉਣਾ ਸ਼ਾਮਲ ਹੈ।
ਵਾਤਾਵਰਣ ਨੂੰ ਧਿਆਨ ਵਿਚ ਰੱਖਣ ਦਾ ਮਾਸਟਰ ਪਲਾਨ ਮਨਜ਼ੂਰ-ਵਾਤਾਵਰਣ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰਾਈਨ ਬੋਰਡ ਨੇ ਫੈਸਲਾ ਲਿਆ ਹੈ ਕਿ ਮਨੋਕਾਮਨਾ ਭਵਨ, ਭੈਰੋਂ ਮੰਦਰ, ਅੱਧਕੁਆਰੀ ਅਤੇ ਬਾਣ ਗੰਗਾ ਦੇ ਆਲੇ-ਦੁਆਲੇ ਦੇ ਖੇਤਰਾਂ ਲਈ ਇਕ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ। ਇਸ ਨੂੰ ਲੈ ਕੇ ਬੀਤੇ ਸਾਲ ਯੋਜਨਾ ਅਤੇ ਵਾਸਤੂਕਾਰ ਨਾਲ ਕਈ ਬੈਠਕਾਂ ਕੀਤੀਆਂ ਗਈਆਂ। ਅੱਜ ਹੋਈ ਬੋਰਡ ਦੀ ਬੈਠਕ ਵਿਚ ਮਾਸਟਰ ਪਲਾਨ ਮਨਜ਼ੂਰ ਕੀਤਾ ਗਿਆ।
