ਪੰਜਾਬ ਦੀ ਸਿਆਸਤ ''ਚ ਹਲਚਲ! ਹੁਣ ਸੁਨੀਲ ਜਾਖੜ ਨੇ ਸਾਬਕਾ CM ਬਾਰੇ ਕੀਤਾ ਸਨਸਨੀਖੇਜ਼ ਖ਼ੁਲਾਸਾ
Sunday, Dec 07, 2025 - 05:38 PM (IST)
ਚੰਡੀਗੜ੍ਹ (ਵੈੱਬ ਡੈਸਕ): ਬੀਤੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਬਿਆਨ ਕਾਰਨ ਸੂਬੇ ਦੀ ਸਿਆਸਤ ਕਾਫ਼ੀ ਭਖੀ ਹੋਈ ਹੈ, ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ 500 ਕਰੋੜ ਰੁਪਏ ਦਾ ਅਟੈਚੀ ਦੇਣਾ ਪੈਂਦਾ ਹੈ। ਇਸ ਮਗਰੋਂ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖ਼ਿਆ ਹੈ ਕਿ ਕਾਂਗਰਸੀ ਉਨ੍ਹਾਂ ਨੂੰ ਦਾਅਵੇਦਾਰ ਦੇ ਕਰੀਬੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ 350 ਕਰੋੜ ਰੁਪਏ ਵਿਚ ਮਿਲੀ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਕੌਰ ਸਿੱਧੂ ਵਾਲੇ ਬਿਆਨ ਬਾਰੇ ਪੁੱਛੇ ਜਾਣ 'ਤੇ ਜਾਖੜ ਨੇ ਕਿਹਾ ਕਿ ਉਹ (ਨਵਜੋਤ ਸਿੱਧੂ) ਕੈਪਟਨ ਅਮਰਿੰਦਰ ਸਿੰਘ ਨੂੰ ਹਟਾਏ ਜਾਣ ਮਗਰੋਂ ਖ਼ੁਦ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਸਨ ਤੇ ਉਨ੍ਹਾਂ ਵੱਲੋਂ ਅਜਿਹੀਆਂ ਗੱਲਾਂ ਕਹਿਣਾ ਕਾਂਗਰਸ ਦੇ ਅੰਦਰੂਨੀ ਹਾਲਾਤ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਹੀ ਸੰਸਦ ਮੈਂਬਰ ਨੇ ਆਖਿਆ ਸੀ ਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਵਿਚ ਡਾਕੂ ਭੇਜੇ ਹਨ ਜੋ ਇੱਥੋਂ ਦੇ ਸਿਆਸਤਦਾਨਾਂ ਨੂੰ ਲੁੱਟਣ ਲਈ ਆਏ ਹਨ।
ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਵਿਚ ਅਹੁਦਿਆਂ ਲਈ ਬੋਲੀਆਂ ਲੱਗ ਰਹੀਆਂ ਹਨ ਤੇ ਲੋਕਾਂ ਦੀ ਕਾਬਲੀਅਤ ਨਹੀਂ ਸਗੋਂ ਜੇਬ ਵੇਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਨੈਸ਼ਨਲ ਪਾਰਟੀ ਤੇ ਪ੍ਰਮੁੱਖ ਵਿਰੋਧੀ ਪਾਰਟੀ ਵਿਚ ਅਜਿਹਾ ਹੋਣਾ ਦੇਸ਼ ਤੇ ਲੋਕਤੰਤਰ ਲਈ ਬੜੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਇਲਜ਼ਾਮ ਵਿਰੋਧੀਆਂ ਵੱਲੋਂ ਨਹੀਂ ਸਗੋਂ ਉਨ੍ਹਾਂ ਦੇ ਹੀ ਆਗੂ ਲਗਾ ਰਹੇ ਹਨ, ਜੋ ਅੱਜ ਵੀ ਮੁੱਖ ਮੰਤਰੀ ਦੇ ਦਾਅਵੇਦਾਰ ਹਨ।
