18 ਦਸੰਬਰ ਨੂੰ ਪੰਜਾਬ ਦੇ ਰਾਜਪਾਲ ਕਰਨਗੇ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ

Tuesday, Dec 09, 2025 - 03:33 PM (IST)

18 ਦਸੰਬਰ ਨੂੰ ਪੰਜਾਬ ਦੇ ਰਾਜਪਾਲ ਕਰਨਗੇ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ

ਫਾਜ਼ਿਲਕਾ (ਨਾਗਪਾਲ) : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 18 ਦਸੰਬਰ ਨੂੰ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਉਨ੍ਹਾਂ ਦੀ ਆਮਦ ਸਬੰਧੀ ਲੋੜੀਂਦੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਹਿੱਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮੀਟਿੰਗ ਕਰਨ ਮੌਕੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੌਰੇ ਦੌਰਾਨ ਉਹ ਸ਼ਹੀਦਾਂ ਦੀ ਸਮਾਧ ਆਸਫ ਵਾਲਾ ਵਾਰ ਮੈਮੋਰੀਅਲ ਵਿਖੇ ਨਤਮਸਤਕ ਹੋਣਗੇ।

ਇਸ ਉਪਰੰਤ ਉਨ੍ਹਾਂ ਦੀ ਅਗਵਾਈ ਹੇਠ ਸੰਜੀਵ ਸਿਨੇਮਾ ਚੌਂਕ ਤੋਂ ਘੰਟਾ ਘਰ ਤੱਕ ਮਾਰਚ ਵੀ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਰਾਜਪਾਲ ਵਿਲੇਜ ਡਿਫੈਂਸ ਕਮੇਟੀਆਂ ਨਾਲ ਵਿਚਾਰ-ਚਰਚਾ ਕਰਨਗੇ। ਉਨ੍ਹਾਂ ਸਮੂਹ ਅਧਿਕਾਰੀਆਂ ਨੂੰ ਰਾਜਪਾਲ ਦੀ ਆਮਦ ’ਤੇ ਲਗਾਈ ਗਈ ਡਿਊਟੀ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪੁਲਸ ਵਿਭਾਗ ਨੂੰ ਸੁਰੱਖਿਆਂ ਪੱਖੋਂ ਪ੍ਰਬੰਧਾਂ ਨੂੰ ਮੁਕੰਮਲ ਕਰਨ ਲਈ ਕਿਹਾ।

ਇਸ ਤੋਂ ਇਲਾਵਾ ਉਨ੍ਹਾਂ ਸਿਹਤ ਵਿਭਾਗ, ਨਗਰ ਕੌਂਸਲ, ਪੀਡਬਲਯੂਡੀ, ਟਰਾਂਸਪੋਰਟ, ਮੰਡੀ ਬੋਰਡ, ਵਾਟਰ ਸਪਲਾਈ, ਬਿਜਲੀ ਵਿਭਾਗ ਆਦਿ ਹੋਰਨਾਂ ਵਿਭਾਗਾਂ ਨੂੰ ਆਪੋ-ਆਪਣੇ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਜ਼ਿਲ੍ਹਾ ਪੁਲਸ ਮੁਖੀ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ,ਐਸ.ਡੀ.ਐਮ. ਕੰਵਰਜੀਤ ਸਿੰਘ ਮਾਨ ਤੇ ਕ੍ਰਿਸ਼ਨ ਪਾਲ ਰਾਜਪੂਤ, ਅਮਨਦੀਪ ਸਿੰਘ ਮਾਵੀ, ਸਹਾਇਕ ਕਮਿਸ਼ਨਰ (ਅੰਡਰ ਟਰੇਨਿੰਗ) ਅਰਵਿੰਦ ਕੁਮਾਰ ਸਮੇਤ ਆਰਮੀ ਤੇ ਬੀ. ਐੱਸ. ਐੱਫ. ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
 


author

Babita

Content Editor

Related News