ਹਿਮਾਚਲ ਪ੍ਰਦੇਸ਼ ''ਚ ਪਿਛਲੇ 2 ਸਾਲਾਂ ''ਚ 6 ਗੁਣਾ ਵਧੇ ਜ਼ਮੀਨ ਖਿਸਕਣ ਦੇ ਮਾਮਲੇ
Sunday, Mar 12, 2023 - 05:08 PM (IST)
ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਪਿਛਲੇ 2 ਸਾਲਾਂ 'ਚ ਜ਼ਮੀਨ ਖਿਸਕਣ ਦੇ ਮਾਮਲਿਆਂ 'ਚ 6 ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਆਫ਼ਤ ਪ੍ਰਬੰਧਨ ਵਿਭਾਗ ਦੇ ਅੰਕੜਿਆਂ ਅਨੁਸਾਰ, ਸੂਬੇ 'ਚ ਸਾਲ 2020 'ਚ ਜ਼ਮੀਨ ਖਿਸਕਣ ਦੇ 16 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ 2022 'ਚ ਇਹ ਮਾਮਲੇ 6 ਗੁਣਾ ਵੱਧ ਕੇ 117 ਹੋ ਗਏ। ਵਿਭਾਗ ਅਨੁਸਾਰ ਰਾਜ 'ਚ 17,120 ਜ਼ਮੀਨ ਖਿਸਕਣ ਸੰਭਾਵਿਤ ਸਥਾਨ ਹਨ, ਜਿਨ੍ਹਾਂ 'ਚੋਂ 675 ਸਥਾਨ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਅਤੇ ਬਸਤੀਆਂ ਕੋਲ ਹਨ। ਇਹ ਸਥਾਨ ਚੰਬਾ (133), ਮੰਡੀ (110), ਕਾਂਗੜਾ (102), ਲਾਹੌਲ-ਸਪੀਤੀ (91), ਊਨਾ (63), ਕੁੱਲੂ (55), ਸ਼ਿਮਲਾ (50), ਸੋਲਨ (44), ਬਿਲਾਸਪੁਰ (37), ਸਿਰਮੌਰ (21) ਅਤੇ ਕਿੰਨੌਰ (15) 'ਚ ਸਥਿਤ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਪਹਾੜੀ ਢਲਾਨਾਂ 'ਚ ਚੱਟਾਨਾਂ ਦੇ ਕਟਾਅ ਨਾਲ ਤੇਜ਼ ਮੀਂਹ ਜ਼ਮੀਨ ਖਿਸਕਣ ਦੇ ਕਾਰਨਾਂ ਦੀ ਪ੍ਰਮੁੱਖ ਵਜ੍ਹਾ ਹੈ। ਭੂ-ਵਿਗਿਆਨੀ ਮਾਹਿਰ ਪ੍ਰੋਫੈਸਰ ਵੀਰੇਂਦਰ ਸਿੰਘ ਧਰ ਨੇ ਸੜਕਾਂ ਦੇ ਨਿਰਮਾਣ ਅਤੇ ਚੌੜੀਕਰਨ ਲਈ ਪਹਾੜੀ ਢਲਾਨਾਂ ਦੀ ਵਿਆਪਕ ਕਟਾਈ, ਸੁਰੰਗਾਂ, ਜਲਬਿਜਲੀ ਪ੍ਰਾਜੈਕਟਾਂ ਅਤੇ ਖਨਨ ਲਈ ਵਿਸਫ਼ੋਟ ਨੂੰ ਜ਼ਮੀਨ ਖਿਸਕਣ 'ਚ ਵਾਧੇ ਦਾ ਕਾਰਨ ਦੱਸਿਆ ਹੈ। ਪਿਛਲੇ ਸਾਲ ਰਾਜ 'ਚ ਜ਼ਮੀਨ ਖਿਸਕਣ ਦੇ 117 ਮਾਮਲਿਆਂ 'ਚ ਕੁੱਲੂ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ। ਇੱਥੇ ਜ਼ਮੀਨ ਖਿਸਕਣ ਦੇ 21 ਮਾਮਲੇ ਸਾਹਮਣੇ ਆਏ। ਜਦੋਂ ਕਿ ਮੰਡੀ (20), ਲਾਹੌਲ-ਸਪੀਤੀ (18), ਸ਼ਿਮਲਾ (15), ਸਿਰਮੌਰ (9), ਬਿਲਾਸਪੁਰ (8), ਕਾਂਗੜਾ (5), ਕਿੰਨੌਰ (3), ਸੋਲਨ (3) ਅਤੇ ਊਨਾ (1) ਮਾਮਲੇ ਦਰਜ ਕੀਤੇ ਗਏ। ਉੱਥੇ ਹੀ ਹਮੀਰਪੁਰ 'ਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ, ਇਸਰੋ ਵਲੋਂ ਤਿਆਰ ਕੀਤੇ ਗਏ ਲੈਂਡਸਲਾਈਡ ਏਟਲਸ ਆਫ਼ ਇੰਡੀਆ ਅਨੁਸਾਰ, ਹਿਮਾਚਲ ਦੇ ਸਾਰੇ 12 ਜ਼ਿਲ੍ਹੇ ਜ਼ਮੀਨ ਖਿਸਕਣ ਲਈ ਬੇਹੱਦ ਸੰਵੇਦਨਸ਼ੀਲ ਹਨ।