ਫਾਜ਼ਿਲਕਾ 'ਚ ਵੱਡੀ ਸਾਜ਼ਿਸ਼ ਨਾਕਾਮ : ਪਾਕਿਸਤਾਨ ਤੋਂ ਮੰਗਵਾਏ ਹੈਂਡ ਗ੍ਰਨੇਡਾਂ ਸਣੇ 2 ਲੋਕ ਗ੍ਰਿਫ਼ਤਾਰ
Tuesday, Nov 25, 2025 - 04:08 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੀ ਸਟੇਟ ਸਪੈਸ਼ਲ ਪੁਲਸ ਵਲੋਂ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਕੋਲੋਂ ਪਾਕਿਸਤਾਨ ਤੋਂ ਮੰਗਵਾਏ 2 ਹੈਂਡ ਗ੍ਰਨੇਡ ਅਤੇ ਇਕ ਪਿਸਤੌਲ ਬਰਾਮਦ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 4 ਦਿਨਾਂ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖ਼ਰ ਉਨ੍ਹਾਂ ਵਲੋਂ ਇਨ੍ਹਾਂ ਹੈਂਡ ਗ੍ਰਨੇਡਾਂ ਦਾ ਕਿੱਥੇ ਇਸਤੇਮਾਲ ਕੀਤਾ ਜਾਣਾ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਟੇਟ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਨਾਕੇਬੰਦੀ ਦੌਰਾਨ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 2 ਹੈਂਡ ਗ੍ਰਨੇਡ ਅਤੇ ਇਕ ਪਿਸਤੌਲ ਬਰਾਮਦ ਹੋਈ ਹੈ। ਦੋਸ਼ੀਆਂ ਦੀ ਪਛਾਣ ਵਿਕਰਮ ਵਾਸੀ ਢਾਣੀ ਪ੍ਰੇਮ ਸਿੰਘ ਅਤੇ ਪ੍ਰਭਜੀਤ ਸਿੰਘ ਵਾਸੀ ਟਾਹਲੀਵਾਲਾ ਚੱਕ ਬਜੀਦਾ ਵਜੋਂ ਹੋਈ ਹੈ। ਫੜ੍ਹੇ ਗਏ ਦੋਸ਼ੀਆਂ ਤੋਂ ਬਰਾਮਦ ਹੋਏ ਹੈਂਡ ਗ੍ਰਨੇਡ ਪਾਕਿਸਤਾਨ ਤੋਂ ਮੰਗਵਾਏ ਗਏ ਸਨ। ਫਿਲਹਾਲ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
