ਕਾਰ ਸਵਾਰਾਂ ਨੂੰ ਪਿਸਤੌਲ ਦੀ ਨੋਕ ’ਤੇ ਲੁੱਟਣ ਦੀ ਕੋਸ਼ਿਸ਼, ਦੋ ਨੌਜਵਾਨ ਗ੍ਰਿਫ਼ਤਾਰ
Tuesday, Nov 18, 2025 - 12:58 PM (IST)
ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਦੇ ਸ਼ਿਵਾ ਇਨਕਲੇਵ ਖੇਤਰ ਨੇੜੇ ਬੀਤੀ ਰਾਤ ਦੋ ਨੌਜਵਾਨਾਂ ਵੱਲੋਂ ਇਕ ਕਾਰ ਸਵਾਰ ਨੂੰ ਦੇਸੀ ਪਿਸਤੌਲ ਨਾਲ ਧਮਕਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਹਾਦਸਾ ਅੱਧੀ ਰਾਤ ਬਾਅਦ ਕਰੀਬ 2 ਵਜੇ ਵਾਪਰਿਆ, ਜਦੋਂ ਕਾਰ ਸਵਾਰ ਆਪਣੇ ਦੋਸਤ ਨਾਲ ਘਰ ਵਾਪਸ ਜਾ ਰਿਹਾ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਕਾਹਨਗੜ੍ਹ ਘਰਾਚੋਂ (ਪਟਿਆਲਾ) ਨੇ ਦੱਸਿਆ ਕਿ ਬੀਤੀ ਰਾਤ ਕਰੀਬ ਦੋ ਵਜੇ ਉਹ ਆਪਣੀ ਸਵਿੱਫਟ ਡਿਜ਼ਾਇਰ ਕਾਰ ’ਚ ਆਪਣੇ ਦੋਸਤ ਮਹੇਸ਼ਇੰਦਰਜੀਤ ਸਿੰਘ ਨਾਲ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਸ਼ਿਵਾ ਇਨਕਲੇਵ, ਗਰੀਨ ਵਿਊ ਸੁਸਾਇਟੀ ਦੇ ਨੇੜੇ ਉਨ੍ਹਾਂ ਦੇ ਸਾਹਮਣੇ ਅਚਾਨਕ ਦੋ ਨੌਜਵਾਨ ਆ ਖੜ੍ਹੇ ਹੋਏ। ਇਕ ਨੇ ਹੱਥ ’ਚ ਦੇਸੀ ਪਿਸਤੌਲ ਅਤੇ ਦੂਜੇ ਨੇ ਇੱਟ ਫੜ੍ਹੀ ਹੋਈ ਸੀ।
ਪਿਸਤੌਲ ਵਾਲੇ ਨੌਜਵਾਨ ਨੇ ਕਾਰ ਦੇ ਅਗਲੇ ਸ਼ੀਸ਼ੇ ’ਤੇ ਬੱਟ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਉਨ੍ਹਾਂ ਨੂੰ ਕਾਰ ਰੋਕਣ ਲਈ ਮਜ਼ਬੂਰ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਉਹ ਡਰ ਦੇ ਮਾਹੌਲ ’ਚ ਕਾਰ ਨੂੰ ਥੋੜ੍ਹਾ ਅੱਗੇ ਲੈ ਗਏ, ਪਰ ਹਿੰਮਤ ਕਰਕੇ ਮੁੜ ਕੇ ਮੌਕੇ ’ਤੇ ਪਹੁੰਚੇ ’ਤੇ ਦੋਵੇਂ ਨੌਜਵਾਨਾਂ ਦਾ ਪਿੱਛਾ ਕੀਤਾ। ਇਸ ਦੌਰਾਨ ਇਕ ਨੌਜਵਾਨ ਇੱਟ ਸਮੇਤ ਫਿਸਲ ਕੇ ਡਿੱਗ ਪਿਆ, ਜਿਸ ਨੂੰ ਉਸ ਦੇ ਦੋਸਤਾਂ ਨੇ ਕਾਬੂ ਕਰ ਲਿਆ ਅਤੇ ਤੁਰੰਤ 112 ਪੁਲਸ ਹੈਲਪਲਾਈਨ ’ਤੇ ਕਾਲ ਕਰਕੇ ਪੁਲਸ ਨੂੰ ਸੂਚਤ ਕੀਤਾ ਗਿਆ।
ਪੀ.ਸੀ.ਆਰ. ਪਾਰਟੀ ਕੁੱਝ ਮਿੰਟਾਂ ’ਚ ਮੌਕੇ ’ਤੇ ਪਹੁੰਚੀ ਅਤੇ ਇਕ ਦਰੱਖਤ ਦੇ ਪਿੱਛੇ ਛੁਪੇ ਹੋਏ ਦੂਜੇ ਹਮਲਾਵਰ ਨੂੰ ਵੀ ਕਾਬੂ ਕਰ ਲਿਆ। ਪੁਲਸ ਨੇ ਤਲਾਸ਼ੀ ਦੌਰਾਨ ਇਕ ਨੌਜਵਾਨ ਦੇ ਸੱਜੇ ਬੂਟ ’ਚੋਂ ਇਕ ਦੇਸੀ ਕੱਟਾ ਬਰਾਮਦ ਕੀਤਾ। ਪੁਲਸ ਵੱਲੋਂ ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਵਾਹਿਦ ਆਲਮ ਪੁੱਤਰ ਬਾਊਮਦੀਨ ਮੂਲ ਨਿਵਾਸੀ ਜ਼ਿਲ੍ਹਾ ਸੀਵਾਨ ਬਿਹਾਰ, ਹਾਲ ਕਿਰਾਏਦਾਰ ਨੇੜੇ ਸਿਗਮਾ ਸਿਟੀ ਚੌਂਕ ਜ਼ੀਰਕਪੁਰ ਅਤੇ ਜਯੰਤ ਸਿੰਘ ਰਾਵਤ ਪੁੱਤਰ ਰਾਜਿੰਦਰ ਸਿੰਘ ਰਾਵਤ ਵਾਸੀ ਸੈਣੀ ਵਿਹਾਰ ਫ਼ੇਜ਼-3 ਬਲਟਾਣਾ ਵਜੋਂ ਹੋਈ ਹੈ। ਪੁਲਸ ਨੇ ਲੁੱਟ ਦੀ ਨੀਅਤ ਨਾਲ ਹਥਿਆਰਬੰਦ ਹਮਲਾ, ਧਮਕੀ ਤੇ ਰਸਤਾ ਰੋਕ ਕੇ ਲੁੱਟ-ਖੋਹ ਦੀ ਕੋਸ਼ਿਸ਼ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
