ਜ਼ਿਮਨੀ ਚੋਣ ਦੇ ਸੇਕ ਨਾਲ 2 ਹੋਰ DSPs ਮੁਅੱਤਲ

Tuesday, Nov 25, 2025 - 07:52 PM (IST)

ਜ਼ਿਮਨੀ ਚੋਣ ਦੇ ਸੇਕ ਨਾਲ 2 ਹੋਰ DSPs ਮੁਅੱਤਲ

ਤਰਨਤਾਰਨ, (ਰਮਨ)- ਬੀਤੇ ਸਮੇਂ ਜ਼ਿਮਣੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਵੱਲੋਂ ਪੁਲਸ ਕਾਰਵਾਈ ਵਿੱਚ ਵਿਘਨ ਪਾਉਣ ਅਤੇ ਪੁਲਸ ਕਰਮਚਾਰੀ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿੱਚ ਜਿੱਥੇ ਥਾਣਾ ਸਿਟੀ ਤਰਨਤਰਨ ਦੀ ਪੁਲਸ ਨੇ ਕੰਚਨਪ੍ਰੀਤ ਕੌਰ ਸਮੇਤ ਆਈਟੀ ਵਿੰਗ ਦੇ ਇੰਚਾਰਜ ਨਛੱਤਰ ਸਿੰਘ ਗਿੱਲ ਸਣੇ 25 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ, ਉਸੇ ਤਹਿਤ ਗ੍ਰਿਫਤਾਰ ਕੀਤੇ ਗਏ ਨਛੱਤਰ ਸਿੰਘ ਗਿੱਲ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ। ਇਸ ਕਾਰਵਾਈ ਦੌਰਾਨ ਤਰਨ ਤਰਨ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਸਹੀ ਢੰਗ ਨਾਲ ਜਵਾਬ ਨਾ ਦੇਣ ਦੇ ਚਲਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਜ਼ਿਲ੍ਹੇ ਦੇ ਦੋ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿੱਚ ਡੀਐਸਪੀ ਡਿਟੈਕਟਿਵ ਹਰਿੰਦਰ ਸਿੰਘ, ਡੀਐਸਪੀ ਪੀਬੀਆਈ ਤੋਂ ਇਲਾਵਾ ਕਪੂਰਥਲਾ ਜੇਲ ਦੇ ਸੁਪਰਡੈਂਟ ਵੀ ਸ਼ਾਮਿਲ ਹਨ। 

ਜਾਣਕਾਰੀ ਦੇ ਅਨੁਸਾਰ  ਵਿਧਾਨ ਸਭਾ ਹਲਕਾ ਤਰਨਤਰਨ ਵਿੱਚ ਹੋਈ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਅਤੇ ਆਈ.ਟੀ ਵਿੰਗ ਦੇ ਇੰਚਾਰਜ ਨਛੱਤਰ ਸਿੰਘ ਗਿੱਲ ਦੀ ਇੱਕ ਪੁਲਸ ਕਰਮਚਾਰੀ ਨਾਲ ਹੋਈ ਬਹਿਸ ਦਾ ਮਾਮਲਾ ਕਾਫੀ ਸੁਰਖੀਆਂ ਵਿੱਚ ਰਹਿ ਚੁੱਕਾ ਹੈ। ਜਿਸ ਦੇ ਸਬੰਧ ਵਿੱਚ ਥਾਣਾ ਸਿਟੀ ਤਰਨਤਰਨ ਦੀ ਪੁਲਸ ਵੱਲੋਂ ਕੰਚਨਪ੍ਰੀਤ ਕੌਰ ਅਤੇ ਨਛੱਤਰ ਸਿੰਘ ਗਿੱਲ ਸਮੇਤ ਪੰਜ ਵਿਅਕਤੀਆਂ ਦੇ ਖਿਲਾਫ ਪਰਚਾ ਵੀ ਦਰਜ ਕਰ ਲਿਆ ਗਿਆ ਸੀ ਅਤੇ ਇਸ ਦੌਰਾਨ ਨਛੱਤਰ ਸਿੰਘ ਗਿੱਲ ਅਤੇ ਉਸਦੇ ਦੋ ਸਾਥੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰਦੇ ਹੋਏ ਮਾਨਯੋਗ ਅਦਾਲਤ ਦੇ ਹੁਕਮਾਂ ਉੱਪਰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। 

ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਗ੍ਰਿਫਤਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਸਨ ਉੱਥੇ ਹੀ ਭਾਰਤੀ ਚੋਣ ਕਮਿਸ਼ਨ ਨੂੰ ਲਿਖਤੀ ਰੂਪ ਵਿੱਚ ਪੁਲਸ ਦੀ ਧੱਕੇਸ਼ਾਹੀ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਇਸ ਸਬੰਧੀ ਮਾਨਯੋਗ ਅਦਾਲਤ ਵੱਲੋਂ ਨਛੱਤਰ ਸਿੰਘ ਗਿੱਲ ਅਤੇ ਉਸਦੇ ਦੋਵਾਂ ਸਾਥੀਆਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਇਸ ਗ੍ਰਿਫਤਾਰੀ ਦੇ ਸੰਬੰਧ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ। ਜਿਸ ਦੀ ਸੁਣਵਾਈ ਕਰਦੇ ਹੋਏ ਬੀਤੇ ਦਿਨੀਂ ਮਾਨਯੋਗ ਹਾਈ ਕੋਰਟ ਵੱਲੋਂ ਨਛੱਤਰ ਸਿੰਘ ਗਿੱਲ ਨੂੰ ਜ਼ਮਾਨਤ ਦੇ ਦਿੱਤੀ ਗਈ। 

ਇਸ ਜ਼ਮਾਨਤ ਮਿਲਣ ਤੋਂ ਬਾਅਦ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਜ਼ਿਲ੍ਹਾ ਤਰਨਤਰਨ ਦੇ ਡੀਐਸਪੀ ਡਿਟੈਕਟਿਵ ਹਰਿੰਦਰ ਸਿੰਘ ਅਤੇ ਡੀਐਸਪੀ ਪੀਬੀਆਈ ਗੁਲਜਾਰ ਸਿੰਘ ਨੂੰ ਮਾਨਯੋਗ ਹਾਈਕੋਰਟ ਵਿੱਚ ਤਸੱਲੀ ਬਖਸ਼ ਜਵਾਬ ਪੇਸ਼ ਨਾ ਕਰਨ ਦੇ ਚਲਦਿਆਂ ਸਸਪੈਂਡ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਉੱਪਰ ਨਿਆਇਕ ਹਿਰਾਸਤ ਵਿੱਚ ਕਪੂਰਥਲਾ ਜੇਲ ਅੰਦਰ ਬੰਦ ਨਛੱਤਰ ਸਿੰਘ ਗਿੱਲ ਨੂੰ ਰਿਹਾ ਕਰਨ ਦੇ ਮਾਮਲੇ ਵਿੱਚ ਵੀ ਜੇਲ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਤਿੰਨ ਜੀਓ ਰੈਂਕ ਦੇ ਅਧਿਕਾਰੀਆਂ ਉੱਪਰ ਗਾਜ ਡਿੱਗਣ ਨਾਲ ਪੁਲਿਸ ਵਿਭਾਗ ਵਿੱਚ ਕਾਫੀ ਜ਼ਿਆਦਾ ਹਲਚਲ ਮਚੀ ਹੋਈ ਨਜ਼ਰ ਆ ਰਹੀ ਹੈ।


author

Rakesh

Content Editor

Related News