ਅੰਮ੍ਰਿਤਸਰ 'ਚ ਵੱਡੀ ਵਾਰਦਾਤ! ਦੋ ਕਨਾਲ ਜ਼ਮੀਨ ਪਿੱਛੇ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ
Thursday, Nov 13, 2025 - 10:14 PM (IST)
ਲੋਪੋਕੇ( ਸਤਨਾਮ) : ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਠੱਠਾ ਵਿਖੇ ਦੋ ਕਨਾਲਾਂ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਹੈ।
ਮੌਕੇ ਤੋਂ ਇਕੱਤਰ ਜਾਣਕਾਰੀ ਤੇ ਮ੍ਰਿਤਕ ਨੌਜਵਾਨ ਦੀ ਮਾਤਾ ਸਿਮਰਜੀਤ ਕੌਰ ਮੁਤਾਬਕ ਉਸ ਪਤੀ ਗੁਰਜੀਤ ਸਿੰਘ ਪੰਮਾ ਤੇ ਪੁੱਤਰ ਜਸਕਰਨ ਸਿੰਘ ਉਮਰ 20 ਸਾਲ ਦਾ ਦੋ ਕਨਾਲਾਂ ਜ਼ਮੀਨ ਨੂੰ ਲੈ ਕੇ ਜਰਮਨ ਸਿੰਘ, ਭਿੰਦਾ ਤੇ ਪੱਬਾ ਨਾਲ ਵਿਵਾਦ ਚੱਲਦਾ ਸੀ ਇਸ ਸਬੰਧੀ ਕਈ ਵਾਰੀ ਮੌਤਬਰਾਂ ਵੱਲੋਂ ਫੈਸਲਾ ਵੀ ਕਰਵਾਇਆ ਗਿਆ। ਅੱਜ ਜਦੋਂ ਸ਼ਾਮ 6 ਵਜੇ ਦੇ ਕਰੀਬ ਗੁਰਜੀਤ ਸਿੰਘ ਆਪਣੇ ਪੁੱਤਰ ਜਸਕਰਨ ਸਿੰਘ ਕਿਸੇ ਕੰਮ ਤੋਂ ਗੱਡੀ 'ਤੇ ਸਵਾਰ ਹੋ ਕੇ ਆਪਣੇ ਘਰ ਨੂੰ ਵਾਪਸ ਆ ਰਹੇ ਸਨ ਤਾਂ ਰਸਤੇ 'ਚ ਪੱਬਾ, ਜਰਮਨ, ਭਿੰਦਾ, ਕਾਲੂ, ਅਮਰੀਕ ਸਿੰਘ, ਮੇਵਾ ਸਿੰਘ ਤੇ ਬਿੱਕਾ ਬੁੱਲਾ ਜਿਨਾਂ ਦੇ ਨਾਲ 40 ਤੋਂ 50 ਅਣਪਛਾਤੇ ਵਿਅਕਤੀ ਸਨ, ਜਿਨ੍ਹਾਂ ਕੋਲ ਰਾਈਫਲਾਂ, ਪਿਸਤੌਲ, ਕਿਰਪਾਨਾਂ, ਦਾਤਰ ਅਤੇ ਹੋਰ ਮਾਰੂ ਹਥਿਆਰ ਸਨ, ਉਨ੍ਹਾਂ ਵੱਲੋਂ ਰਸਤੇ ਵਿੱਚ ਘੇਰ ਲਿਆ ਤੇ ਜਸਕਰਨ ਸਿੰਘ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਜਸਕਰਨ ਸਿੰਘ 20 ਸਾਲ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਗੁਰਜੀਤ ਸਿੰਘ ਨੂੰ ਦਾਤਰਾਂ ਨਾਲ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਜੋ ਕਿ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਮ੍ਰਿਤਕ ਜਸਕਰਨ ਸਿੰਘ ਮਾਤਾ ਸਿਮਰਨਜੀਤ ਕੌਰ ਨੇ ਦੱਸਿਆ ਕਿ ਸਾਡੀ ਗੱਡੀ ਵਿੱਚ ਜੋ ਲਾਈਸੈਂਸੀ ਹਥਿਆਰ .315 ਬੋਰ ਅਤੇ ਦੋਨਾਲੀ ਅਸੀਂ ਆਪਣੀ ਰੱਖਿਆ ਲਈ ਰੱਖੇ ਹੋਏ ਸਨ, ਉਹ ਵੀ ਖੋਹ ਕੇ ਲੈ ਗਏ। ਵਿਅਕਤੀਆਂ ਵੱਲੋਂ ਬੀਤੀ ਰਾਤ ਵੀ ਸਾਡੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ।
