ਜੰਮੂ-ਕਸ਼ਮੀਰ : ਸੁਰੱਖਿਆ ਹਾਲਾਤ ਬਾਰੇ ਫੌਜ ਨੇ ਵਿਦੇਸ਼ੀ ਡਿਪਲੋਮੈਟ ਦੇ ਵਫ਼ਦ ਨੂੰ ਦਿੱਤੀ ਜਾਣਕਾਰੀ

02/13/2020 1:29:45 PM

ਸ਼੍ਰੀਨਗਰ— ਫੌਜ ਦੇ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੌਰੇ 'ਤੇ ਆਏ ਵਿਦੇਸ਼ੀ ਡਿਪਲੋਮੈਟ ਦੇ ਵਫ਼ਦ ਨੂੰ ਵੀਰਵਾਰ ਨੂੰ ਸੁਰੱਖਿਆ ਹਾਲਾਤ ਬਾਰੇ ਜਾਣਕਾਰੀ ਦਿੱਤੀ। ਜੰਮੂ-ਕਸ਼ਮੀਰ ਤੋਂ ਸੰਵਿਧਾਨ ਦੀ ਧਾਰਾ 370 ਹਟਾਏ ਜਾਣ ਦੇ 6 ਮਹੀਨਿਆਂ ਬਾਅਦ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਥਿਤੀ ਦਾ ਮੌਕੇ 'ਤੇ ਜਾ ਕੇ ਆਕਲਨ ਕਰਨ ਦੇ ਮਕਸਦ ਨਾਲ 25 ਵਿਦੇਸ਼ੀ ਡਿਪਲੋਮੈਟ ਦਾ ਦੂਜਾ ਵਫ਼ਦ ਬੁੱਧਵਾਰ ਨੂੰ ਇੱਥੇ ਪੁੱਜਿਆ। ਡਿਪਲੋਮੈਟ ਦੇ ਇਸ ਦੌਰੇ ਦਾ ਆਯੋਜਨ ਕੇਂਦਰ ਸਰਕਾਰ ਨੇ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਬਦਾਮੀ ਬਾਗ ਕੈਂਟ 'ਚ ਡਿਪਲੋਮੈਟ ਨੂੰ ਸੁਰੱਖਿਆ ਹਾਲਾਤ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਵਫ਼ਦ ਜੰਮੂ ਜਾਵੇਗਾ।

ਇਸ ਦਲ 'ਚ ਅਫਗਾਨਿਸਤਾਨ, ਆਸਟ੍ਰੇਲੀਆ, ਬੁਲਗਾਰੀਆ, ਕੈਨੇਡਾ, ਚੈਕ ਗਣਰਾਜ, ਡੈਨਮਾਰਕ, ਡੋਮੀਨੀਕਨ ਰਿਪਬਲਿਕ, ਯੂਰਪੀ ਸੰਘ, ਫਰਾਂਸ, ਜਰਮਨੀ, ਗਿਨੀਆ ਗਣਰਾਜ, ਹੰਗਰੀ, ਇਟਲੀ ਅਤੇ ਕੀਨੀਆ ਦੇ ਰਾਜਦੂਤ ਸ਼ਾਮਲ ਹਨ। ਇਸ ਤੋਂ ਇਲਾਵਾ ਕਿਰਗਿਸਤਾਨ, ਮੈਕਸੀਕੋ, ਨਾਮੀਬੀਆ, ਦਿ ਨੀਦਰਲੈਂਡ, ਨਿਊਜ਼ੀਲੈਂਡ, ਪੋਲੈਂਡ, ਰਵਾਂਡਾ, ਸਲੋਵਾਕੀਆ, ਤਾਜਿਕਸਤਾਨ, ਯੂਗਾਂਡਾ ਅਤੇ ਉਜਬੇਕਿਸਤਾਨ ਦੇ ਰਾਜਦੂਤ ਵੀ ਇਸ ਜੱਥੇ ਦੇ ਹਿੱਸੇ ਦੇ ਰੂਪ ਕਸ਼ਮੀਰ ਆਏ ਹਨ। ਬੀਤੇ ਇਕ ਮਹੀਨੇ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੌਰੇ 'ਤੇ ਆਏ ਵਿਦੇਸ਼ੀ ਡਿਪਲੋਮੈਟ ਦਾ ਇਹ ਦੂਜਾ ਜੱਥਾ ਹੈ। ਇਸ ਤੋਂ ਪਹਿਲਾਂ ਸਰਕਾਰ 15 ਵਿਦੇਸ਼ੀ ਡਿਪਲੋਮੈਟ ਦਾ ਇਕ ਦਲ ਜੰਮੂ-ਕਸ਼ਮੀਰ ਦੇ ਦੌਰੇ 'ਤੇ ਲੈ ਗਈ ਸੀ, ਜਿਸ ਦਾ ਟੀਚਾ ਉਨ੍ਹਾਂ ਨੂੰ ਇਹ ਦਿਖਾਉਣਾ ਸੀ ਕਿ ਕਸ਼ਮੀਰ ਘਾਟੀ 'ਚ ਹਾਲਾਤ ਆਮ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਵਿਰੋਧੀ ਦਲਾਂ ਨੇ ਇਸ ਨੂੰ 'ਗਾਈਡੇਡ ਟੂਰ' ਦੱਸਿਆ।


DIsha

Content Editor

Related News