ਜੰਮੂ : 6,100 ਤੋਂ ਵੱਧ ਤੀਰਥ ਯਾਤਰੀਆਂ ਦਾ 10ਵਾਂ ਜੱਥਾ ਅਮਰਨਾਥ ਲਈ ਰਵਾਨਾ
Friday, Jul 08, 2022 - 02:28 PM (IST)
ਜੰਮੂ (ਭਾਸ਼ਾ)- ਜੰਮੂ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਦਰਮਿਆਨ 6100 ਤੋਂ ਵੱਧ ਤੀਰਥਯਾਤਰੀਆਂ ਦਾ 10ਵਾਂ ਜੱਥਾ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ ਸਖ਼ਤ ਸੁਰੱਖਿਆ ਦਰਮਿਆਨ ਭਗਵਤੀ ਨਗਰ ਯਾਤਰੀ ਨਿਵਾਸ ਤੋਂ 249 ਵਾਹਨਾਂ ਦੇ ਕਾਫ਼ਲੇ 'ਚ ਕੁੱਲ 6,159 ਤੀਰਥ ਯਾਤਰੀ ਰਵਾਨਾ ਹੋਏ। ਇਨ੍ਹਾਂ 'ਚੋਂ 4,754 ਪੁਰਸ਼, 1,220 ਔਰਤਾਂ, 35 ਬੱਚੇ, 139 ਸਾਧੂ ਅਤੇ 12 ਸਾਧਵੀ ਹਨ।
ਅਧਿਕਾਰੀਆਂ ਨੇ ਕਿਹਾ ਕਿ ਸਭ ਤੋਂ ਪਹਿਲਾਂ 95 ਵਾਹਨਾਂ 'ਚ ਸਵੇਰੇ 3.30 ਵਜੇ ਭਗਵਤੀ ਨਗਰ ਕੰਪਲੈਕਸ ਤੋਂ 2,037 ਤੀਰਥ ਯਾਤਰੀ ਰਵਾਨਾ ਹੋਏ। ਇਸ ਤੋਂ ਬਾਅਦ 154 ਵਾਹਨਾਂ ਦਾ ਕਾਫ਼ਲਾ 4,122 ਤੀਰਥ ਯਾਤਰੀਆਂ ਨੂੰ ਲੈ ਕੇ ਪਹਿਲਗਾਮ ਲਈ ਰਵਾਨਾ ਹੋਇਆ। 29 ਜੂਨ ਤੋਂ ਭਗਵਤੀ ਨਗਰ ਆਧਾਰ ਕੰਪਲੈਕਸ ਤੋਂ ਕੁੱਲ 63,487 ਤੀਰਥ ਯਾਤਰੀ ਘਾਟੀ ਪਹੁੰਚ ਚੁਕੇ ਹਨ। ਉੱਪ ਰਾਜਪਾਲ ਮਨੋਜ ਸਿਨਹਾ ਨੇ 29 ਜੂਨ ਨੂੰ ਤੀਰਥ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਸਾਲਾਨਾ 43 ਦਿਨ ਦੀ ਇਹ ਯਾਤਰਾ 30 ਜੂਨ ਨੂੰ ਸ਼ੁਰੂ ਹੋਈ ਸੀ। ਹੁਣ ਤੱਕ ਇਕ ਲੱਖ ਤੋਂ ਵੱਧ ਤੀਰਥ ਯਾਤਰੀ ਪਵਿੱਤਰ ਗੁਫ਼ਾ 'ਚ ਬਰਫ਼ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁਕੇ ਹਨ। ਅਮਰਨਾਥ ਯਾਤਰਾ 11 ਅਗਸਤ ਨੂੰ ਰੱਖੜੀ ਮੌਕੇ ਖ਼ਤਮ ਹੋਵੇਗੀ।