ਭਾਜਪਾ ਲਈ 280 ਦੇ ਅੰਕੜੇ ''ਤੇ ਪੁੱਜਣਾ ਔਖਾ : ਸ਼ਿਵ ਸੈਨਾ

05/08/2019 12:24:13 AM

ਮੁੰਬਈ, (ਭਾਸ਼ਾ)— ਸ਼ਿਵ ਸੈਨਾ ਦੇ ਇਕ ਆਗੂ ਨੇ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਦੇ ਉਸ ਬਿਆਨ ਨੂੰ ਦੁਹਰਾਇਆ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਭਾਜਪਾ ਲੋਕ ਸਭਾ ਵਿਚ ਇਸ ਵਾਰ ਪੂਰਨ ਬਹੁਮਤ ਹਾਸਲ ਨਹੀਂ ਕਰ ਸਕੇਗੀ ਅਤੇ ਉਸ ਨੂੰ ਸਰਕਾਰ ਬਣਾਉਣ ਲਈ ਸਹਿਯੋਗੀਆਂ 'ਤੇ ਨਿਰਭਰ ਕਰਨਾ ਪਵੇਗਾ।
ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਊਤ ਨੇ ਮੰਗਲਵਾਰ ਕਿਹਾ ਕਿ ਭਾਜਪਾ ਲਈ 280 ਦੇ ਅੰਕੜੇ 'ਤੇ ਪਹੁੰਚ ਸਕਣਾ ਕੁਝ ਔਖਾ ਨਜ਼ਰ ਆ ਰਿਹਾ ਹੈ। 2014 ਦੀਆਂ ਚੋਣਾਂ ਵਿਚ ਤਾਂ ਭਾਜਪਾ ਨੇ ਆਸਾਨੀ ਨਾਲ ਹੀ ਇਹ ਅੰਕੜਾ ਹਾਸਲ ਕਰ ਲਿਆ ਸੀ।
ਰਾਊਤ ਨੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮ ਮਾਧਵ ਨੇ ਜੋ ਕਿਹਾ, ਠੀਕ ਕਿਹਾ। ਰਾਜਗ ਅਗਲੀ ਸਰਕਾਰ ਬਣਾਏਗੀ ਅਤੇ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਏਗੀ। ਫਿਲਹਾਲ ਭਾਜਪਾ ਲਈ ਆਪਣੇ ਦਮ 'ਤੇ 280-282 ਸੀਟਾਂ ਤੱਕ ਪੁੱਜਣਾ ਔਖਾ ਲੱਗ ਰਿਹਾ ਹੈ ਪਰ ਸਾਡਾ ਰਾਜਗ ਪਰਿਵਾਰ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਜਾਏਗਾ। ਉਨ੍ਹਾਂ ਕਿਹਾ ਕਿ ਜੇ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਸ਼ਿਵ ਸੈਨਾ ਨੂੰ ਖੁਸ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਰਾਜਗ ਦਾ ਹਿੱਸਾ ਬਣੀ ਰਹੇਗੀ।
ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਕੋਲ ਮਿਆਦ ਪੁਗਾ ਰਹੀ ਲੋਕ ਸਭਾ 'ਚ 18 ਮੈਂਬਰ ਹਨ। ਉਹ ਭਾਜਪਾ ਦੀ ਸਭ ਤੋਂ ਵੱਡੀ ਸਹਿਯੋਗੀ ਪਾਰਟੀ ਹੈ। ਮਹਾਰਾਸ਼ਟਰ ਵਿਚ ਵੀ ਉਹ ਸੂਬਾ ਸਰਕਾਰ ਦਾ ਹਿੱਸਾ ਹੈ।
 


KamalJeet Singh

Content Editor

Related News