ਸ਼੍ਰੀਲੰਕਾ ਦੀ ਜਲ ਸੈਨਾ ਨੇ 4 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

06/18/2024 5:31:01 PM

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੀ ਜਲ ਸੈਨਾ ਨੇ ਮੰਗਲਵਾਰ ਨੂੰ ਟਾਪੂ ਦੇਸ਼ ਦੇ ਜਲ ਖੇਤਰ 'ਚ ਗੈਰ-ਕਾਨੂੰਨੀ ਸ਼ਿਕਾਰ ਕਰਨ ਦੇ ਦੋਸ਼ 'ਚ ਚਾਰ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਟ੍ਰਾਲਰ ਨੂੰ ਜ਼ਬਤ ਕਰ ਲਿਆ। ਇਸ ਤਰ੍ਹਾਂ ਇਸ ਸਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 180 ਤੋਂ ਵੱਧ ਹੋ ਗਈ ਹੈ। ਸ਼੍ਰੀਲੰਕਾ ਜਲ ਸੈਨਾ ਨੇ ਇੱਥੇ ਕਿਹਾ,''ਭਾਰਤੀਆਂ ਵਲੋਂ ਗੈਰ-ਕਾਨੂੰਨੀ ਸ਼ਿਕਾਰ ਦੀ ਤਾਜ਼ਾ ਘਟਨਾ 'ਚ, ਜਾਫਨਾ ਪ੍ਰਾਇਦੀਪ ਦੇ ਡੈਲਫਟ ਦੇ ਉੱਤਰੀ ਟਾਪੂ ਦੇ ਨੇੜੇ-ਤੇੜੇ ਮੰਗਲਵਾਰ ਨੂੰ ਤੜਕੇ ਇਕ ਭਾਰਤੀ ਟ੍ਰਾਲਰ ਨੂੰ ਜ਼ਬਤ ਕਰ ਲਿਆ ਗਿਆ ਅਤੇ ਚਾਰ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।'' ਜਲ ਸੈਨਾ ਨੇ ਕਿਹਾ ਕਿ ਮੰਗਲਵਾਰ ਦੀਆਂ ਗ੍ਰਿਫ਼ਤਾਰੀਆਂ ਨੂੰ ਮਿਲਾ ਕੇ 2024 'ਚ ਹੁਣ ਤੱਕ ਸ਼੍ਰੀਲੰਕਾਈ ਜਲ ਖੇਤਰ 'ਚ ਗੈਰ-ਕਾਨੂੰਨੀ ਮੱਛੀ ਫੜਨ ਦੇ ਦੋਸ਼ 'ਚ ਕੁੱਲ 182 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ 25 ਟ੍ਰਾਲਰ ਜ਼ਬਤ ਕੀਤੇ ਗਏ ਹਨ। ਇਹ ਗਿਣਤੀ 2023 'ਚ ਇਸੇ ਤਰ੍ਹਾਂ ਦੀ ਅਨੁਮਾਨਤ 240-245 ਘਟਨਾਵਾਂ ਦਾ ਲਗਭਗ 75 ਫ਼ੀਸਦੀ ਹੈ।

ਇਨ੍ਹਾਂ 'ਚੋਂ ਜ਼ਿਆਦਾਤਰ ਘਟਨਾਵਾਂ ਪਾਕਿ ਸਟ੍ਰੇਟ 'ਚ ਹੁੰਦੀਆਂ ਹਨ, ਜੋ ਤਾਮਿਲਨਾਡੂ ਨੂੰ ਸ਼੍ਰੀਲੰਕਾ ਦੇ ਉੱਤਰੀ ਸਿਰੇ ਤੋਂ ਵੱਖ ਕਰਨ ਵਾਲੀ ਪਾਣੀ ਦੀ ਇਕ ਤੰਗ ਪੱਟੀ ਹੈ, ਜੋ ਦੋਹਾਂ ਦੇਸ਼ਾਂ ਦੇ ਮਛੇਰਿਆਂ ਲਈ ਮੱਛੀ ਫੜਨ ਦਾ ਇਕ ਅਮੀਰ ਖੇਤਰ ਹੈ। ਸ਼੍ਰੀਲੰਕਾ ਦੇ ਮੱਛੀ ਪਾਲਣ ਮੰਤਰਾਲਾ ਨੇ ਕਿਹਾ ਕਿ ਭਾਰਤੀਆਂ ਵਲੋਂ ਗੈਰ-ਕਾਨੂੰਨੀ ਮੱਛੀ ਫੜਨ ਦੇ ਮੁੱਦੇ 'ਤੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਚਰਚਾ ਕੀਤੀ ਜਾਵੇਗੀ, ਜਦੋਂ ਉਹ 20 ਜੂਨ ਨੂੰ ਇੱਥੇ ਪਹੁੰਚਣਗੇ। ਮਛੇਰਿਆਂ ਦਾ ਮੁੱਦਾ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸੰਬੰਧਾਂ 'ਚ ਇਕ ਵਿਵਾਦਿਤ ਮੁੱਦਾ ਹੈ, ਜਿਸ 'ਚ ਸ਼੍ਰੀਲੰਕਾਈ ਜਲ ਸੈਨਾ ਦੇ ਕਰਮਚਾਰੀਆਂ ਨੇ ਪਾਕਿ ਸਟ੍ਰੇਟ 'ਚ ਭਾਰਤੀ ਮਛੇਰਿਆਂ 'ਤੇ ਗੋਲੀਬਾਰੀ ਵੀ ਕੀਤੀ ਅਤੇ ਗੈਰ-ਕਾਨੂੰਨੀ ਰੂਪ ਨਾਲ ਸ਼੍ਰੀਲੰਕਾ ਦੇ ਜਲ ਖੇਤਰ 'ਚ ਪ੍ਰਵੇਸ਼ ਕਰਨ ਲਈ ਉਨ੍ਹਾਂ ਦੀਆਂ ਕਿਸ਼ਤੀਆਂ ਜ਼ਬਤ ਕਰ ਲਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News