ਜਦੋਂ ਤੱਕ ਮੋਦੀ ਅਤੇ ਭਾਜਪਾ ਹਨ, ਧਰਮ ਦੇ ਆਧਾਰ ''ਤੇ ਰਾਖਵਾਂਕਰਨ ਨਹੀਂ ਹੋਣ ਦੇਵਾਂਗੇ : JP ਨੱਢਾ
Monday, May 27, 2024 - 01:37 PM (IST)
ਵਾਰਾਣਸੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਸੋਮਵਾਰ ਨੂੰ ਕਿਹਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਹਨ, ਉਦੋਂ ਤੱਕ ਧਰਮ ਦੇ ਆਧਾਰ 'ਤੇ ਰਾਖਾਵਾਂਕਰਨ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਵਾਰਾਣਸੀ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਚੋਣ ਪ੍ਰਚਾਰ ਲਈ ਇੱਥੇ ਪਹੁੰਚੇ ਨੱਢਾ ਨੇ ਕਾਲ ਭੈਰਵ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਵਿਰੋਧੀ ਧਿਰ ਬਾਰੇ ਪੁੱਛੇ ਗਏ ਇਕ ਸਵਾਲ 'ਤੇ ਕਿਹਾ,''ਵਿਰੋਧੀ ਧਿਰ ਨੂੰ ਤੁਸੀਂ ਦੇਖ ਹੀ ਲਵੋਗੇ ਕਿ ਚਾਰ ਜੂਨ (ਲੋਕ ਸਭਾ ਚੋਣ ਨਤੀਜੇ ਦੇ ਐਲਾਨ ਦੀ ਤਾਰੀਖ਼) ਨੂੰ ਉਸ ਦਾ ਕੀ ਹਾਲ ਹੋਵੇਗਾ।'' ਉਨ੍ਹਾਂ ਨੇ ਵਿਰੋਧੀ ਧਿਰ 'ਤੇ ਧਰਮ ਦੇ ਆਧਾਰ 'ਤੇ ਰਾਖਾਵਾਂਕਰਨ ਦੇਣ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਸੰਵਿਧਾਨ 'ਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਧਰਮ ਦੇ ਆਧਾਰ 'ਤੇ ਰਾਖਵਾਂਕਰਨ ਨਹੀਂ ਹੋਵੇਗਾ ਅਤੇ ਜਦੋਂ ਤੱਕ ਮੋਦੀ ਜੀ ਹਨ ਅਤੇ ਭਾਜਪਾ ਹਨ, ਉਦੋਂ ਤੱਕ ਧਰਮ ਦੇ ਆਧਾਰ 'ਤੇ ਰਾਖਵਾਂਕਰਨ ਨਹੀਂ ਹੋਣ ਦੇਵਾਂਗੇ। ਅਸੀਂ ਆਪਣੇ ਦਲਿਤ, ਆਦਿਵਾਸੀ, ਪਿਛੜੇ ਅਤੇ ਬੇਹੱਦ ਪਿਛੜੇ ਵਰਗਾਂ ਦੇ ਰਾਖਾਵਾਂਕਰਨ 'ਤੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ।''
ਨੱਢਾ ਨੇ ਕਿਹਾ,''ਮੈਂ ਜਦੋਂ ਵੀ ਵਾਰਾਣਸੀ ਆਉਂਦਾ ਹਾਂ ਤਾਂ ਕਾਲ ਭੈਰਵ ਮੰਦਰ, ਸੰਕਟ ਮੋਚਨ ਅਤੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਦਰਸ਼ਨ ਕਰਦਾ ਹਾਂ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਾਸ਼ੀ ਇਕ ਧਾਰਮਿਕ ਨਗਰੀ ਹੈ ਅਤੇ ਸਨਾਤਨ ਨੂੰ ਅੱਗੇ ਲਿਜਾਉਣ ਵਾਲੀ ਨਗਰੀ ਹੈ। ਇੱਥੋਂ ਨਵੀਂ ਊਰਜਾ ਮਿਲਦੀ ਹੈ।'' ਉਨ੍ਹਾਂ ਕਿਹਾ,''ਮੈਂ ਸਮਾਜ ਦੀ ਭਲਾਈ, ਸ਼ਾਂਤੀ ਅਤੇ ਖੁਸ਼ੀ ਅਤੇ ਨਰਿਦੰਰ ਮੋਦੀ ਸਰਕਾਰ 'ਚ ਸ਼ੁਰੂ ਕੀਤੇ ਗਏ ਵਿਕਾਸ ਕੰਮਾਂ ਨੂੰ ਤਾਕਤ ਦੇਣ ਲਈ ਪ੍ਰਾਰਥਨਾ ਕੀਤੀ ਹੈ। ਨਰਿੰਦਰ ਮੋਦੀ ਜੀ 400 ਤੋਂ ਵੱਧ ਸੀਟਾਂ ਨਾਲ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ।'' ਨੱਢਾ ਅੱਜ ਦਿਨ 'ਚ ਵਾਰਾਣਸੀ 'ਚ ਕਈ ਬੈਠਕਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਵਾਰਾਣਸੀ ਲੋਕ ਸਭਾ ਸੀਟ ਤੋਂ ਲਗਾਤਾਰ ਤੀਜੀ ਵਾਰ ਮੈਦਾਨ 'ਚ ਹਨ। ਇਸ ਸੀਟ ਲਈ 7ਵੇਂ ਅਤੇ ਆਖ਼ਰੀ ਪੜਾਅ 'ਚ ਆਉਣ ਵਾਲੀ ਇਕ ਜੂਨ ਨੂੰ ਵੋਟਿੰਗ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8