ਵਿਹਲੇ ਸਮੇਂ ਨੀਂਦ ਪੂਰੀ ਕਰਨਾ ਪਸੰਦ ਕਰਦੇ ਹਨ ਭਾਰਤੀ, ਸੌਣ ''ਚ ਲੰਘਾਉਂਦੇ ਨੇ 9 ਘੰਟੇ: ਸਰਵੇ

10/06/2020 3:29:13 PM

ਨੈਸ਼ਨਲ ਡੈਸਕ— ਤਕਨਾਲੋਜੀ ਦੇ ਦੌਰ 'ਚ ਵੀ ਅਸੀਂ-ਤੁਸੀਂ ਰੁਝੇਵਿਆਂ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਕਹਿਣ ਦਾ ਭਾਵ ਹੈ ਕਿ ਭਾਵੇਂ ਹੀ ਵਧੇਰੇ ਕੰਮ ਮਸ਼ੀਨਾਂ ਕਰਦੀਆਂ ਹਨ ਫਿਰ ਵੀ ਇਨਸਾਨ ਰੁਝਿਆ ਹੋਇਆ ਹੈ। ਇਸ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੂਰੀ ਨੀਂਦ ਲੈਣਾ ਵੀ ਜ਼ਰੂਰੀ ਹੈ ਤਾਂ ਕਿ ਸਰੀਰ ਥਕਾਵਟ ਮਹਿਸੂਸ ਨਾ ਕਰੇ। ਇਸ ਲਈ ਛੁੱਟੀ ਵਾਲੇ ਦਿਨ ਜਾਂ ਫਿਰ ਵਿਹਲੇ ਸਮੇਂ ਜ਼ਿਆਦਾਤਰ ਭਾਰਤੀ ਸੌਣਾ ਪਸੰਦ ਕਰਦੇ ਹਨ। ਇਹ ਗੱਲ ਇਕ ਸਰਵੇ 'ਚ ਸਾਹਮਣੇ ਆਈ ਹੈ। ਭਾਰਤ ਵਿਚ ਅਜਿਹਾ ਪਹਿਲਾ ਸਰਵੇ ਹੋਇਆ ਹੈ, ਜਿਸ ਵਿਚ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਲੋਕ ਆਮ ਤੌਰ 'ਤੇ ਆਪਣਾ ਦਿਨ ਕਿਵੇਂ ਬਤੀਤ ਕਰਦੇ ਹਨ। ਇਸ ਸਰਵੇ ਵਿਚ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸ਼ਹਿਰੀ ਅਤੇ ਪੇਂਡੂ ਕਿਹੜੀਆਂ ਗਤੀਵਿਧੀਆਂ 'ਤੇ ਕਿੰਨਾ ਖਰਚ ਕਰਦੇ ਹਨ। ਤੁਸੀਂ ਆਪਣੇ 24 ਘੰਟੇ ਦੇ ਸਮੇਂ ਦੌਰਾਨ ਕਿੰਨਾ ਚਿਰ ਸੌਂਦੇ ਹੋ? ਰਾਤ ਨੂੰ 6 ਜਾਂ 7 ਘੰਟੇ? 

ਸਾਲ 2019 ਦੇ ਜਨਵਰੀ ਅਤੇ ਦਸੰਬਰ ਮਹੀਨੇ ਦਰਮਿਆਨ ਰਾਸ਼ਟਰੀ ਅੰਕੜੇ ਦਫ਼ਤਰ (ਐੱਨ. ਸੀ. ਓ.) ਨੇ ਇਹ ਟਾਈਮ ਯੂਜ਼ ਸਰਵੇ ਕੀਤਾ ਸੀ। ਐੱਨ. ਸੀ. ਓ. ਨੇ ਇਹ ਸਰਵੇ 5,947 ਪਿੰਡਾਂ ਅਤੇ 3,998 ਸ਼ਹਿਰੀ ਬਲਾਕਾਂ ਨਾਲ ਦੋਹਾਂ ਖੇਤਰਾਂ ਦੇ 1,38,799 ਘਰਾਂ 'ਤੇ ਕੀਤਾ। ਅੰਡਮਾਨ ਅਤੇ ਨਿਕੋਬਾਰ ਟਾਪੂ ਦੇ ਪਿੰਡਾਂ ਨੂੰ ਛੱਡ ਕੇ ਪੂਰੇ ਦੇਸ਼ ਵਿਚ ਇਹ ਸਰਵੇ ਕੀਤਾ ਗਿਆ। ਇਸ ਸਰਵੇ ਨੂੰ ਇਸ ਸ਼੍ਰੇਣੀ ਵਿਚ ਵੰਡਿਆ ਗਿਆ ਕਿ ਲੋਕ ਤਨਖ਼ਾਹ ਅਤੇ ਬਿਨਾਂ ਤਨਖ਼ਾਹ ਵਾਲੇ ਕੰਮ ਨੂੰ ਕਿੰਨਾ ਸਮਾਂ ਦਿੰਦੇ ਹਨ। ਇਸ ਤੋਂ ਇਲਾਵਾ ਪਤਾ ਕੀਤਾ ਗਿਆ ਕਿ ਵਿਹਲੇ ਸਮੇਂ ਵਿਚ ਭਾਰਤੀ ਕੀ ਕਰਦੇ ਹਨ।

ਸਰਵੇ ਮੁਤਾਬਕ ਔਸਤਨ ਹਰ ਭਾਰਤੀ ਆਪਣੇ ਵਿਹਲੇ ਸਮੇਂ ਦੇ 552 ਮਿੰਟ ਜਾਂ 9.2 ਘੰਟੇ ਸੌਂ ਕੇ ਬਿਤਾਉਂਦਾ ਹੈ। ਪੇਂਡੂ ਖੇਤਰਾਂ ਵਿਚ ਪੁਰਸ਼ਾਂ ਨੇ ਔਸਤਨ 554 ਮਿੰਟ ਦੀ ਨੀਂਦ ਲਈ, ਜਦਕਿ ਜਨਾਨੀਆਂ ਨੇ ਇਸ ਤੋਂ ਥੋੜ੍ਹਾ ਜ਼ਿਆਦਾ ਯਾਨੀ ਕਿ 557 ਮਿੰਟ ਦੀ ਨੀਂਦ ਲਈ। ਪਿੰਡਾਂ ਦੀ ਤੁਲਨਾ ਵਿਚ ਸ਼ਹਿਰਾਂ ਵਿਚ ਇਹ ਅਨੁਪਾਤ ਘੱਟ ਦੇਖਿਆ ਗਿਆ। ਸ਼ਹਿਰਾਂ ਵਿਚ ਪੁਰਸ਼ਾਂ ਨੇ ਆਪਣਾ ਵਿਹਲਾ ਸਮਾਂ 534 ਮਿੰਟ ਜਦਕਿ ਜਨਾਨੀਆਂ ਨੇ 552 ਮਿੰਟ ਸੌਂ ਕੇ ਬਿਤਾਇਆ।


Tanu

Content Editor

Related News