ਕਾਰਗਿਲ ਜੰਗ ਦੇ ਸ਼ਹੀਦ ਨੂੰ ਪ੍ਰਸ਼ਾਸਨ ਨੇ ਕੀਤਾ ਅੱਖੋਂ-ਪਰੋਖੇ, ਪਤਨੀ ਨੇ ਆਪਣੇ ਖ਼ਰਚੇ ''ਤੇ ਬਣਵਾਇਆ ਬੁੱਤ
Friday, Jul 26, 2024 - 12:48 PM (IST)
ਮੰਡੀ- ਕਾਰਗਿਲ ਵਿਜੇ ਦਿਵਸ ਦੇ 25 ਸਾਲ ਪੂਰੇ ਹੋ ਗਏ ਹਨ। ਅੱਜ ਦੇ ਦਿਨ 1999 ਵਿਚ ਸਾਡੇ ਵੀਰ ਸਪੂਤਾਂ ਨੇ ਪਾਕਿਸਤਾਨੀ ਘੁਸਪੈਠੀਆਂ ਨੂੰ ਧੂੜ ਚਟਾਈ ਸੀ। ਵੀਰਾਂ ਦੀ ਯਾਦ 'ਚ ਅੱਜ ਦੇਸ਼ ਭਰ 'ਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਕਾਰਗਿਲ ਦਿਵਸ ਦਾ ਮੌਕਾ ਹੈ ਅਤੇ ਹਿਮਾਚਲ ਦੇ ਮੰਡੀ ਤੋਂ 1999 ਦੀ ਕਾਰਗਿਲ ਜੰਗ 'ਚ ਸ਼ਹੀਦ ਹੋਏ ਸਿਪਾਹੀ ਤੇਗ ਸਿੰਘ ਮਸਤਾਨਾ ਦੇ ਬੁੱਤ ਨੂੰ ਪ੍ਰਸ਼ਾਸਨ ਵਲੋਂ ਅੱਖੋਂ-ਪਰੋਖੇ ਕੀਤਾ ਗਿਆ। ਦਰਅਸਲ ਸ਼ਹੀਦ ਦੇ ਬੁੱਤ ਨੂੰ ਸਕੂਲ 'ਚ ਸਥਾਪਤ ਕਰਨ ਦਾ ਇਜਾਜ਼ਤ ਨਹੀਂ ਮਿਲੀ, ਜਿਸ ਦਾ ਸ਼ਹੀਦ ਦੀ ਪਤਨੀ ਨੇ ਵਿਰੋਧ ਜਤਾਇਆ ਹੈ।
ਦਰਅਸਲ ਤੇਗ ਸਿੰਘ ਮਸਤਾਨਾ ਕਾਰਗਿਲ ਜੰਗ ਦੌਰਾਨ ਦਰਿਆ ਪਾਰ ਕਰਦੇ ਸਮੇਂ ਦੁਸ਼ਮਣ ਦੀ ਗੋਲੀ ਲੱਗਣ ਕਾਰਨ 32 ਸਾਲ ਦੀ ਉਮਰ ਵਿਚ ਸ਼ਹੀਦ ਹੋ ਗਏ ਸਨ। ਕਈ ਸਾਲਾਂ ਬਾਅਦ ਵੀ ਸ਼ਹੀਦ ਦਾ ਬੁੱਤ ਸਥਾਪਤ ਨਹੀਂ ਕੀਤਾ ਗਿਆ। ਇਸ ਗੱਲ ਦਾ ਸ਼ਹੀਦ ਦੇ ਪਰਿਵਾਰ ਅਤੇ ਪਤਨੀ ਨੇ ਵਿਰੋਧ ਕੀਤਾ। ਲੰਬੀ ਉਡੀਕ ਮਗਰੋਂ ਸ਼ਹੀਦ ਦੀ ਪਤਨੀ ਬੀਨਾ ਦੇਵੀ ਨੇ ਆਪਣੇ ਖਰਚੇ ਤੋਂ ਕਰੀਬ 2 ਲੱਖ ਰੁਪਏ ਦਾ ਬੁੱਤ ਬਣਾ ਕੇ ਪ੍ਰਸ਼ਾਸਨ ਤੋਂ ਇਸ ਨੂੰ ਸਥਾਨਕ ਸਕੂਲ ਵਿਚ ਲਾਉਣ ਦੀ ਵਾਰ-ਵਾਰ ਗੁਹਾਰ ਲਾਈ ਪਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਗਈ। ਅੱਜ ਉਨ੍ਹਾਂ ਦੇ ਸ਼ਹੀਦ ਪਤੀ ਦਾ ਬੁੱਤ ਉਨ੍ਹਾਂ ਦੇ ਘਰ ਵਿਚ ਹੀ ਰੱਖਿਆ ਹੋਇਆ ਹੈ।
ਪਤਨੀ ਬੀਨਾ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਉਮਰ 54 ਸਾਲ ਹੈ। ਉਸ ਦੀਆਂ 3 ਧੀਆਂ ਅਤੇ ਇਕ ਪੁੱਤਰ ਹੈ। ਅੱਜ ਤੱਕ ਕਿਸੇ ਨੂੰ ਵੀ ਨੌਕਰੀ ਨਹੀਂ ਮਿਲੀ। ਸਭ ਤੋਂ ਵੱਡੀ ਧੀ ਕੁਸੁਮ ਲਤਾ ਨੇ GNM ਕੀਤੀ ਹੈ। ਦੂਜੀ ਧੀ ਕਮਲੇਸ਼ ਨੇ BSc ਨਰਸਿੰਗ ਕੀਤੀ ਹੈ ਅਤੇ ਤੀਜੀ ਧੀ ਨੇਹਾ ਨੇ ਫਾਰਮੈਸੀ ਕੀਤੀ ਹੈ। ਪੁੱਤਰ ਵਿਪਿਨ ਨੇ ITI ਮਕੈਨੀਕਲ ਕੀਤੀ ਹੈ।