ਪੰਜਾਬ ਦਾ ਫ਼ੌਜੀ ਜਵਾਨ ਸ਼ਹੀਦ; ਦੁਸ਼ਮਣਾਂ ਨੇ ਵਰ੍ਹਾਈਆਂ ਗੋਲ਼ੀਆਂ, ਬਹਾਦਰੀ ਨਾਲ ਲੜਦਿਆਂ ਦਿੱਤੀ ਕੁਰਬਾਨੀ
Thursday, Feb 26, 2026 - 11:19 AM (IST)
ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਪਿੰਡ ਮਹਿਲਾਂ ਦੇ ਇਕ ਫੌਜੀ ਜਵਾਨ ਦੀ ਡਿਊਟੀ ਦੌਰਾਨ ਮਨੀਪੁਰ ’ਚ ਸ਼ਹੀਦ ਹੋ ਗਿਆ। ਜਾਣਕਾਰੀ ਅਨੁਸਾਰ ਜ਼ਿਲਾ ਸੰਗਰੂਰ ਦੇ ਪਿੰਡ ਮਹਿਲਾਂ ਚੌਕ ਦੇ ਗੁਰਪ੍ਰੀਤ ਸਿੰਘ ਫੌਜ ’ਚ ਮਨੀਪੁਰ ਵਿਖੇ ਤਾਇਨਾਤ ਸਨ ਜੋ ਦੇਸ਼ ਵਿਰੋਧੀ ਅਨਸਰਾਂ ਨਾਲ ਫਾਈਰਿੰਗ ਦੌਰਾਨ ਸ਼ਹੀਦ ਹੋ ਗਿਆ। ਉਹ ਪਿਛਲੇ 21 ਸਾਲਾਂ ਤੋਂ ਭਾਰਤੀ ਫੌਜ ’ਚ ਸੇਵਾ ਨਿਭਾਅ ਰਹੇ ਸਨ ਅਤੇ ਡਿਊਟੀ ਦੌਰਾਨ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਆਪਣਾ ਬਲੀਦਾਨ ਦੇ ਗਏ।
ਸ਼ਹੀਦ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ, ਇਕ ਪੁੱਤਰ ਅਤੇ ਇਕ ਧੀ ਛੱਡ ਗਏ ਹਨ। ਸ਼ਹਾਦਤ ਦੀ ਖਬਰ ਮਿਲਦੇ ਹੀ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ’ਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ। ਨੰਬਰਦਾਰ ਯੂਨੀਅਨ ਪੰਜਾਬ ਦੇ ਆਗੂ ਰਣ ਸਿੰਘ ਮਹਿਲਾਂ ਨੇ ਪੀੜਤ ਪਰਿਵਾਰ ਲਈ ਸਰਕਾਰ ਤੋਂ ਯੋਗ ਮੁਆਵਜ਼ਾ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਿੰਡ ’ਚ ਸ਼ਹੀਦ ਦੀ ਯਾਦ ’ਚ ਢੁੱਕਵੀਂ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ। ਸ਼ਹੀਦ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਭਲਕੇ ਹੋਵੇਗਾ।
